ਅੰਮ੍ਰਿਤਸਰ : ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਫਸੀਲ ਤੋਂ ਸੰਦੇਸ਼ ਨਹੀਂ ਦਿੱਤਾ ਗਿਆ। ਇਸ ਬਾਰੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੇ ਅਰਦਾਸ ਦੇ ਵਿਚ ਹੀ ਸੰਗਤ ਨੂੰ ਸੰਦੇਸ਼ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨੇ ਸਾਨੂੰ ਵਿਵੇਕ-ਬੁੱਧ ਦਿੱਤੀ ਹੈ ਤੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਬਾਹਰ ਵਾਲੀ ਕਿਸੇ ਤਾਕਤ ਨਾਲ ਲੜ ਸਕਦੇ ਹਾਂ, ਪਰ ਤਖ਼ਤ ‘ਤੇ ਮਾਹੌਲ ਨੂੰ ਖ਼ਰਾਬ ਨਹੀਂ ਕੀਤਾ ਜਾ ਸਕਦਾ। ਸ਼ਾਂਤਮਈ ਢੰਗ ਨਾਲ ਸਮਾਗਮ ਸੰਪੰਨ ਹੋਏ ਹਨ। ਇਸ ਨਾਲ ਦੁਨੀਆ ਨੂੰ ਸਿੱਖਾਂ ਦੀ ਇਕਜੁੱਟਤਾ ਦਾ ਸੰਦੇਸ਼ ਗਿਆ ਹੈ। ਉਨ੍ਹਾਂ ਜਥੇਬੰਦੀਆਂ ਨੇ ਵੀ ਸਹਿਯੋਗ ਕੀਤਾ ਹੈ ਤੇ ਉਹ ਮੇਰੇ ਕੋਲ ਬੈਠੇ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਸਮਾਂ ਆਵੇਗਾ ਕਿ ਇਹੀ ਜਥੇਬੰਦੀਆਂ ਮੈਨੂੰ ਸਿਰੋਪਾਓ ਤੇ ਦਸਤਾਰਾਂ ਦੇਣਗੀਆਂ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿਚ ਸਾਰੀਆਂ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰਛਾਇਆ ਹੇਠ ਇਕੱਠੀਆਂ ਹੋਣਗੀਆਂ।