ਨੈਸ਼ਨਲ- ਆਈ.ਪੀ.ਐੱਲ. ‘ਚ 18 ਸਾਲਾਂ ਦੇ ਲੰਬੇ ਇੰਤਜ਼ਾਰ ਮਗਰੋਂ ਆਖ਼ਿਰਕਾਰ ਖ਼ਿਤਾਬੀ ਮੁਕਾਬਲੇ ਪੰਜਾਬ ਕਿੰਗਜ਼ ਨੂੰ ਰੋਮਾਂਚਕ ਅੰਦਾਜ਼ ‘ਚ 6 ਦੌੜਾਂ ਨਾਲ ਹਰਾ ਕੇ ਕੋਹਲੀ ਦੀ ਰਾਇਲ ਚੈਲੰਜਰਜ਼ ਬੰਗਲੁਰੂ ਨੇ ਆਪਣਾ ਪਹਿਲਾ ਖ਼ਿਤਾਬ ਜਿੱਤਿਆ। ਹਾਲਾਂਕਿ ਟੀਮ ਦੀ ਇਹ ਖ਼ੁਸ਼ੀ ਉਸ ਸਮੇਂ ਸੋਗ ‘ਚ ਬਦਲ ਗਈ, ਜਦੋਂ ਅਗਲੇ ਦਿਨ 4 ਜੂਨ ਨੂੰ ਟੀਮ ਦੀ ਵਿਕਟਰੀ ਪਰੇਡ ਦੌਰਾਨ ਭਾਜੜ ਮਚ ਗਈ ਤੇ 11 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ, ਜਦਕਿ 56 ਹੋਰ ਜ਼ਖ਼ਮੀ ਹੋ ਗਏ।
ਇਸ ਮਾਮਲੇ ‘ਚ ਬੰਗਲੁਰੂ ਪੁਲਸ ਨੇ ਵੀਰਵਾਰ ਨੂੰ ਰਾਇਲ ਚੈਲੰਜਰਜ਼ ਬੰਗਲੁਰੂ ਤੇ ਵਿਕਟਰੀ ਪਰੇਡ ਦੇ ਆਰਗਨਾਈਜ਼ਰ ਡੀ.ਐੱਨ.ਏ. ਐਂਟਰਟੇਨਮੈਂਟ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕੀਤੀ ਸੀ। ਹੁਣ ਬੰਗਲੁਰੂ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਰਾਇਲ ਚੈਲੰਜਰਜ਼ ਬੰਗਲੁਰੂ ਦੇ ਮਾਰਕੀਟਿੰਗ ਹੈੱਡ ਨਿਖਿਲ ਸੋਸਲੇ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਸ ਖ਼ਿਲਾਫ਼ ਕਾਰਵਾਈ ਉਦੋਂ ਕੀਤੀ ਗਈ, ਜਦੋਂ ਉਹ ਮੁੰਬਈ ਜਾਣ ਲਈ ਕੈਂਪਾਗੋਡਾ ਇੰਟਰਨੈਸ਼ਨਲ ਏਅਰਪੋਰਟ ਪਹੁੰਚਿਆ ਹੋਇਆ ਸੀ।
ਇਸ ਤੋਂ ਇਲਾਵਾ ਪੁਲਸ ਨੇ ਵਿਕਟਰੀ ਪਰੇਡ ਦੇ ਮੇਨ ਆਰਗੇਨਾਈਜ਼ਰ ਡੀ.ਐੱਨ.ਏ. ਐਂਟਰਟੇਨਮੈਂਟ ਨੈੱਟਵਰਕਸ ਪ੍ਰਾਈਵੇਟ ਲਿਮੀਟੇਡ ਦੇ ਵੀ 3 ਅਧਿਕਾਰੀਆਂ ਨੂੰ ਡਿਟੇਨ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਇਹ ਕਾਰਵਾਈ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਦੇ ਨਿਰਦੇਸ਼ਾਂ ਤੋਂ ਬਾਅਦ ਅਮਲ ‘ਚ ਲਿਆਂਦੀ ਗਈ ਹੈ।