ਜਲੰਧਰ- ਸੂਬੇ ’ਚ ਖੇਤੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਸਾਲ 12,000 ਹੈਕਟੇਅਰ ਝੋਨੇ ਦੀ ਖੇਤੀ ਵਾਲੇ ਰਕਬੇ ਨੂੰ ਸਾਉਣੀ ਦੀ ਫ਼ਸਲ ਮੱਕੀ ਅਧੀਨ ਲਿਆਉਣ ਸਬੰਧੀ ਅਹਿਮ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਝੋਨੇ ਹੇਠਲੇ ਰਕਬੇ ਨੂੰ ਘਟਾ ਕੇ ਮੱਕੀ ਹੇਠ ਲਿਆਉਣ ਲਈ ਸਰਕਾਰ ਵੱਲੋਂ ਇਕ ਪਾਇਲਟ ਪ੍ਰਾਜੈਕਟ ਲਿਆਂਦਾ ਗਿਆ ਹੈ।
ਇਸ ਪਾਇਲਟ ਪ੍ਰਾਜੈਕਟ ਤਹਿਤ ਪੰਜਾਬ ਦੇ 6 ਜ਼ਿਲ੍ਹਿਆਂ ਸੰਗਰੂਰ, ਬਠਿੰਡਾ, ਪਠਾਨਕੋਟ, ਗੁਰਦਾਸਪੁਰ, ਜਲੰਧਰ ਅਤੇ ਕਪੂਰਥਲਾ ’ਚ 10000 ਹੈਕਟੇਅਰ ਰਕਬੇ ’ਚ ਕਿਸਾਨਾਂ ਨੂੰ ਝੋਨੇ ਤੋਂ ਬਦਲ ਕੇ ਮੱਕੀ ਦੀ ਕਾਸ਼ਤ ਕਰਵਾਉਣ ਦਾ ਟੀਚਾ ਹੈ। ਇਸ ਬਦਲੇ ਕਿਸਾਨਾਂ ਨੂੰ 17500 ਰੁਪਏ ਪ੍ਰਤੀ ਹੈਕਟੇਅਰ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ ਅਤੇ ਮੱਕੀ ਦੀ 2400 ਰੁਪਏ ਐੱਮ. ਐੱਸ. ਪੀ. ’ਤੇ ਖ਼ਰੀਦ ਯਕੀਨੀ ਬਣਾਈ ਜਾਵੇਗੀ। ਜਿਸ ਦਾ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਵਧੇਰੇ ਟਿਕਾਊ ਤੇ ਵਾਤਾਵਰਣ-ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਫ਼ਸਲੀ ਵਿਭਿੰਨਤਾ ਯੋਜਨਾ ਬਾਰੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਇਲਟ ਪ੍ਰਾਜੈਕਟ ਤਹਿਤ ਜ਼ਿਲ੍ਹਾ ਸੰਗਰੂਰ ਅਤੇ ਗੁਰਦਾਸਪੁਰ ’ਚ 2000-2000 ਹੈਕਟੇਅਰ, ਪਠਾਨਕੋਟ, ਜਲੰਧਰ, ਬਠਿੰਡਾ ਅਤੇ ਕਪੂਰਥਲਾ ’ਚ 1500-1500 ਹੈਕਟੇਅਰ ਝੋਨੇ ਵਾਲੇ ਰਕਬੇ ਵਿਚ ਮੱਕੀ ਦੀ ਖੇਤੀ ਕਰਾਉਣ ਦਾ ਟੀਚਾ ਹੈ। ਸਿਰਫ਼ ਉਨ੍ਹਾਂ ਖੇਤਾਂ ’ਚ ਹੀ ਮੱਕੀ ਬਿਜਵਾਈ ਜਾਵੇਗੀ, ਜਿੱਥੇ ਪਹਿਲਾਂ ਝੋਨਾ ਬੀਜਿਆ ਜਾਂਦਾ ਰਿਹਾ ਹੈ।