ਸੰਗਰੂਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਸੰਗਰੂਰ ਵਿਖੇ ਅੱਜ ਅੰਤਿਮ ਅਰਦਾਸ ਕੀਤੀ ਗਈ। ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ, ਅਮਨ ਅਰੋੜਾ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਐੱਚ. ਐੱਸ. ਫੂਲਕਾ ਸਮੇਤ ਕਈ ਵੱਡੇ ਲੀਡਰਾਂ ਨੇ ਪਹੁੰਚ ਕੇ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਬੇਹੱਦ ਭਾਵਕੁ ਹੋ ਗਏ। ਉਨ੍ਹਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਪੁੱਤਰ ਵਾਸਤੇ ਇਸ ਤੋਂ ਕੋਈ ਕਠਿਨ ਘੜੀ ਨਹੀਂ ਹੋ ਸਕਦੀ। ਮੈਂ ਭਾਗਾਂ ਵਾਲਾ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਕਿ ਮੈਨੂੰ ਸ. ਸੁਖਦੇਵ ਸਿੰਘ ਢੀਂਡਸਾ ਵਰਗਾ ਪਿਓ ਮਿਲਿਆ। ਅੱਜ ਜੋ ਵੀ ਕੁੱਝ ਮੈਂ ਹਾਂ, ਮੈਂ ਸਮਝਦਾ ਹਾਂ ਕਿ ਮੇਰੇ ‘ਚ ਕੋਈ ਕਾਬਲੀਅਤ ਨਹੀਂ, ਸਿਰਫ ਇੱਕੋ ਕਾਬਲੀਅਤ ਹੈ ਕਿ ਮੈਂ ਸ. ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਹਾਂ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੋ ਉਨ੍ਹਾਂ ਨੇ ਸਾਡੇ ਪਰਿਵਾਰ ਵਾਸਤੇ ਕੀਤਾ ਹੈ, ਉਹ ਕਹਿਣਾ ਸੰਭਵ ਨਹੀਂ ਹੈ ਪਰ ਮੈਨੂੰ ਬਹੁਤ ਪਿਆਰ ਮਿਲਿਆ ਹੈ ਅਤੇ ਜ਼ਿੰਦਗੀ ‘ਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਮਨ ਭਰਦਿਆਂ ਕਿਹਾ ਕਿ ਜਿੰਨਾ ਪਿਆਰ ਸਾਨੂੰ ਸਾਡੇ ਮਾਂ-ਪਿਓ ਤੋਂ ਮਿਲਿਆ ਹੈ, ਦੁਨੀਆ ਦੇ ਹਰ ਬੱਚੇ ਨੂੰ ਮਾਪਿਆਂ ਤੋਂ ਇੰਨਾ ਹੀ ਪਿਆਰ ਮਿਲੇ।