ਲੁਧਿਆਣਾ – ਮੰਗਲਵਾਰ ਨੂੰ ਪੰਜਾਬ ਦੀ ਰਾਜਨੀਤੀ ’ਚ ਵੱਡੀ ਡਿਵੈਲਪਮੈਂਟ ਦੇਖਣ ਨੂੰ ਮਿਲੀ, ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਹਲਕਾ ਪੱਛਮੀ ਦੀ ਉਪ ਚੋਣ ’ਚ ਉਮੀਦਵਾਰ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ। ਕੇਜਰੀਵਾਲ ਇਥੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈਬੋਵਾਲ ਅਤੇ ਬਾੜੇਵਾਲ ’ਚ ਸੰਜੀਵ ਅਰੋੜਾ ਦੇ ਹੱਕ ’ਚ ਆਯੋਜਿਤ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਨ ਪੁੱਜੇ ਸਨ।
ਕੇਜਰੀਵਾਲ ਨੇ ਕਿਹਾ ਕਿ ਸੰਜੀਵ ਅਰੋੜਾ ਨੇਤਾ ਨਹੀਂ ਅਤੇ ਉਨ੍ਹਾਂ ਨੂੰ ਰਾਜਨੀਤੀ ਨਹੀਂ ਆਉਂਦੀ, ਉਹ ਸਾਧੂ ਆਦਮੀ ਪਾਰਟੀ ਹੈ, ਜੋ ਹੈਲਥ ਅਤੇ ਐਜੂਕੇਸ਼ਨ ਲਈ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ, ਜਿਸ ਦੇ ਲਈ ਉਨ੍ਹਾਂ ਨੇ ਇਕ ਬੱਚੇ ਦੇ ਇਲਾਜ ਦੇ ਲਈ ਸੰਜੀਵ ਅਰੋੜਾ ਵਲੋਂ 12 ਕਰੋੜ ਜੁਟਾਉਣ ਦਾ ਜ਼ਿਕਰ ਵੀ ਕੀਤਾ। ਕੇਜਰੀਵਾਲ ਨੇ ਕਿਹਾ ਕਿ ਉਪ ਚੋਣ ’ਚ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਦੇਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਸ ਦੇ ਕੋਲ ਲੋਕਾਂ ਦੇ ਕੰਮ ਕਰਵਾਉਣ ਦੀ ਪਾਵਰ ਜਾਂ ਫੰਡ ਨਹੀਂ ਹੋਵੇਗਾ। ਇਸ ਦੇ ਮੁਕਾਬਲੇ ਸੰਜੀਵ ਅਰੋੜਾ ਵਿਧਾਇਕ ਬਣਨ ਤੋਂ ਪਹਿਲਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾ ਰਹੇ ਹਨ ਅਤੇ ਉਨ੍ਹਾਂ ਦਾ ਧਿਆਨ ਪ੍ਰਚਾਰ ਤੋਂ ਜ਼ਿਆਦਾ ਪਬਲਿਕ ਦੇ ਕੰਮ ਕਰਵਾਉਣ ’ਤੇ ਰਹਿੰਦਾ ਹੈ।