ਅੰਮ੍ਰਿਤਸਰ– ਅੱਜ ਅੰਮ੍ਰਿਤਸਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ‘ਜਮ੍ਹਾਬੰਦੀ ਪੋਰਟਲ’ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਲੋਕਾਂ ਨੂੰ ਤਹਿਸੀਲਾਂ ਦੇ ਚੱਕਰਾਂ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਜਦ ਕਿਸੇ ਦੀ ਫਰਦ ਜਾਂ ਜਮ੍ਹਾਬੰਦੀ ‘ਚ ਪਟਵਾਰੀ ਵੱਲੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਉਸ ਦੀ ਠੀਕ ਕਰਵਾਉਣ ‘ਚ 10-10 ਸਾਲ ਲੱਗ ਜਾਂਦੇ ਸਨ। ਇਸ ਦੌਰਾਨ ਲੋਕਾਂ ਨੂੰ ਪੈਸਾ ਅਤੇ ਸਮਾਂ ਬਰਬਾਦ ਕਰਨਾ ਪੈਂਦਾ ਸੀ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਆਨਲਾਈਨ ਸੇਵਾ ਹੌਲੀ-ਹੌਲੀ ਸਾਰੇ ਪੰਜਾਬ ‘ਚ ਲਾਗੂ ਕਰ ਦਿੱਤੀ ਜਾਵੇਗੀ। ਹੁਣ ਲੋਕ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠਿਆਂ ਜਮ੍ਹਾਬੰਦੀ ਜਾਂ ਫਰਦ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਰਜਿਸਟਰੀ ਦੀ ਕਾਰਵਾਈ ਵੀ ਕਿਸੇ ਵੀ ਤਹਿਸੀਲ ਵਿਚ ਕਰਵਾਈ ਜਾ ਸਕੇਗੀ, ਖਾਸ ਥਾਂ ਦੀ ‘ਤੇ ਜਾਣ ਦੀ ਲੋੜ ਨਹੀਂ ਰਹੇਗੀ। ਉਨ੍ਹਾਂ ਕਿਹਾ ਘਰਾਂ ‘ਚ ਸਾਡੇ ਬਜ਼ੁਰਗਾਂ ਦੀ ਇੱਜ਼ਤ ਹੁੰਦੀ ਹੈ ਪਰ ਤਹਿਸੀਲ ‘ਚ ਜਾ ਕੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਸੀ।