ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿੱਚ ਇੱਕ ਟੈਂਪੂ ਟਰੈਵਲਰ ਦੇ ਖੱਡ ਵਿੱਚ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ 22 ਲੋਕ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਸੋਮਵਾਰ ਸ਼ਾਮ ਨੂੰ ਕੋਕਸਰ-ਰੋਹਤਾਂਗ ਸੜਕ ‘ਤੇ ਗ੍ਰਾਮਫੂ ਨੇੜੇ ਹੋਏ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਸੀ, ਪਰ ਜ਼ਖ਼ਮੀਆਂ ਦੀ ਗਿਣਤੀ ਪਹਿਲਾਂ ਸਪੱਸ਼ਟ ਨਹੀਂ ਸੀ। ਉਨ੍ਹਾਂ ਕਿਹਾ ਕਿ ਗੱਡੀ ਵਿੱਚ ਕੁੱਲ 24 ਲੋਕ ਸਵਾਰ ਸਨ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜ਼ਖ਼ਮੀਆਂ ਨੂੰ ਮਨਾਲੀ ਦੇ ਇੱਕ ਹਸਪਤਾਲ ਲਿਜਾਇਆ ਗਿਆ।
ਉਹਨਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਹਰਿਆਣਾ ਦੇ ਕਰਨਾਲ ਦੀ ਰਹਿਣ ਵਾਲੀ ਮੋਨਿਕਾ (28) ਅਤੇ ਫਰੀਦਾਬਾਦ ਦੇ ਰਹਿਣ ਵਾਲੇ ਰਵੀ ਮਹਿਤਾ (32) ਵਜੋਂ ਹੋਈ ਹੈ। ਜ਼ਖਮੀ ਹਰਿਆਣਾ, ਦਿੱਲੀ, ਗੁਜਰਾਤ, ਪੰਜਾਬ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀਐੱਸਪੀ) ਰਸ਼ਮੀ ਸ਼ਰਮਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਡਰਾਈਵਰ ਨੇ ਗਲਤੀ ਕੀਤੀ ਹੋ ਸਕਦੀ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ, ਤਿੰਨ ਪੁਲਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜਾਂ ਵਿੱਚ ਮਦਦ ਕੀਤੀ।