ਫਿਰੋਜ਼ਪੁਰ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਂਦੇ ਹੋਏ ਫਿਰੋਜ਼ਪੁਰ ਪੁਲਸ ਨੇ ਨਸ਼ਾ ਤਸਕਰ ਹਰਮੇਸ਼ ਸਿੰਘ ਉਰਫ਼ ਰਮੇਸ਼ ਕੱਟਾ (ਉਮਰ 25 ਸਾਲ) ਪੁੱਤਰ ਮਾੜੂ ਰਾਮ ਵਾਸੀ ਬਸਤੀ ਮਾਛੀਆਂ ਜ਼ੀਰਾ ਨੂੰ ਮੋਟਰਸਾਈਕਲ ”ਤੇ ਆਉਂਦੇ ਨੂੰ 9 ਕਿਲੋ 400 ਗ੍ਰਾਮ ਹੈਰੋਇਨ ਅਤੇ 2 ਲੱਖ 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦਾ ਦੂਜਾ ਤਸਕਰ ਸਾਥੀ ਅਜੈ ਪੁੱਤਰ ਵਿਜੇ ਕੁਮਾਰ ਵਾਸੀ ਬਸਤੀ ਮਾਛੀਆਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਇਹ ਜਾਣਕਾਰੀ ਦਿੰਦਿਆਂ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਈ ਗਈ ਸੀ ਅਤੇ ਇਹ ਹੈਰੋਇਨ ਕਦੋਂ ਕਦੋਂ ਅਤੇ ਕਿਵੇਂ ਕਿਵੇਂ ਮੰਗਵਾਈ ਗਈ, ਇਸਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਨਸ਼ਾ ਤਸਕਰਾਂ ਦੇ ਪਿਛਲੇ ਅਤੇ ਅਗਲੇ ਲਿੰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ, ਐੱਸਪੀ ਇਨਵੈਸਟੀਗੇਸ਼ਨ ਮਨਜੀਤ ਸਿੰਘ ਅਤੇ ਡੀਐਸਪੀ ਡਿਟੈਕਟਿਵ ਫਿਰੋਜ਼ਪੁਰ ਦੇ ਨਿਰਦੇਸ਼ਾਂ ਅਨੁਸਾਰ ਜਦੋਂ ਸੀਆਈਏ ਸਟਾਫ ਜ਼ੀਰਾ ਦੇ ਇੰਚਾਰਜ ਵੱਲੋਂ ਸਨੇਰ ਰੋਡ ”ਤੇ ਨਹਿਰ ਦੇ ਪੁਲ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਸ ਨੇ ਮੋਟਰਸਾਈਕਲ ਨੰਬਰ ਪੀਬੀ/67ਡੀ/9489 ”ਤੇ ਆ ਰਹੇ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਮੋਟਰਸਾਈਕਲ ਚਲਾ ਰਹੇ ਵਿਅਕਤੀ ਨੂੰ ਫੜ ਲਿਆ, ਜਿਸਨੇ ਪੁੱਛਗਿੱਛ ਕਰਨ ”ਤੇ ਆਪਣਾ ਨਾਮ ਹਰਮੇਸ਼ ਸਿੰਘ ਉਰਫ਼ ਰਮੇਸ਼ ਕੱਟਾ ਵਾਸੀ ਜ਼ੀਰਾ ਦੱਸਿਆ, ਜਦੋਂ ਕਿ ਉਸਦਾ ਦੂਜਾ ਤਸਕਰ ਦੋਸਤ ਅਜੇ, ਜੋ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ, ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਹੱਥ ਵਿਚ ਫੜਿਆ ਹੋਇਆ ਕਾਲੇ ਰੰਗ ਦਾ ਬੈਗ ਸੁੱਟ ਕੇ ਭੱਜ ਗਿਆ, ਜਿਸਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਵੱਡੇ ਪੱਧਰ ”ਤੇ ਛਾਪਾਮਾਰੀ ਕੀਤੀ ਜਾ ਰਹੀ ਹੈ।