ਜੋਹਾਨਸਬਰਗ – ਦੱਖਣੀ ਅਫਰੀਕਾ ਦੇ ਕਵਾਜ਼ੁਲੂ-ਨਟਾਲ ਸੂਬੇ ਦੇ ਵਰੀਹਾਈਡ ਨੇੜੇ ਇੱਕ ਬੱਸ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਇਸ ਟੱਕਰ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਦਸ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਕਵਾਜ਼ੁਲੂ-ਨਟਾਲ ਸੂਬਾਈ ਸਰਕਾਰ ਦੇ ਅਧਿਕਾਰੀ ਸਿਬੋਨੀਸੋ ਡੂਮਾ ਨੇ ਦਿੱਤੀ। ਕਵਾਜ਼ੁਲੂ-ਨਟਾਲ ਸੂਬੇ ਵਿੱਚ ਆਵਾਜਾਈ ਅਤੇ ਮਨੁੱਖੀ ਬਸਤੀਆਂ ਨਾਲ ਸਬੰਧਤ ਕਾਰਜਕਾਰੀ ਪ੍ਰੀਸ਼ਦ ਦੇ ਮੈਂਬਰ ਡੂਮਾ ਨੇ ਕਿਹਾ ਕਿ ਇਹ ਹਾਦਸਾ ਸੋਮਵਾਰ ਅੱਧੀ ਰਾਤ ਦੇ ਕਰੀਬ ਵਾਪਰਿਆ।
ਉਨ੍ਹਾਂ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਦਸ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਦਸ ਹੋਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਦੋ ਹੋਰ ਜ਼ਖਮੀਆਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਡੂਮਾ ਨੇ ਕਿਹਾ ਕਿ ਰੋਡ ਟ੍ਰੈਫਿਕ ਇੰਸਪੈਕਟੋਰੇਟ ਦੀ ਰਿਪੋਰਟ ਅਨੁਸਾਰ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਟਰੱਕ ਬੱਸ ਦੇ ਸਾਈਡ ਹਿੱਸੇ ਵਿੱਚ ਫਸ ਗਿਆ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।