ਚੰਡੀਗੜ੍ਹ : ਪੰਜਾਬ ‘ਚ ਅੱਤ ਦੀ ਗਰਮੀ ਝੱਲ ਰਹੇ ਪੰਜਾਬੀਆਂ ਨੂੰ ਹਲਕਾ ਮੀਂਹ ਪੈਣ ਕਾਰਨ ਗਰਮੀ ਤੋਂ ਰਾਹਤ ਮਿਲੀ ਹੋਈ ਹੈ। ਪੰਜਾਬ ਦੇ ਕਈ ਇਲਾਕਿਆਂ ‘ਚ ਪਏ ਮੀਂਹ ਕਾਰਨ ਤਾਪਮਾਨ ਹੇਠਾਂ ਡਿੱਗ ਗਿਆ ਹੈ, ਜਿਸ ਕਾਰਨ ਗਰਮੀ ਘੱਟ ਗਈ ਹੈ। ਪੰਜਾਬ ਵਾਸੀਆਂ ਲਈ ਇਕ ਹੋਰ ਖ਼ੁਸ਼ਖ਼ਬਰੀ ਹੈ। ਹੁਣ ਸੂਬੇ ‘ਚ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਘੱਟ ਹੀ ਦੱਸੀ ਜਾ ਰਹੀ ਹੈ ਕਿਉਂਕਿ ਅਗਲੇ ਕੁੱਝ ਦਿਨਾਂ ਤੱਕ ਪ੍ਰੀ-ਮਾਨਸੂਨ ਦੀ ਐਂਟਰੀ ਹੋਣ ਵਾਲੀ ਹੈ ਅਤੇ ਇਸ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਤੋਂ ਬਾਅਦ ਗਰਮੀ ਘੱਟ ਜਾਵੇਗੀ।
ਜੇਕਰ ਮਾਨਸੂਨ ਦੀ ਗੱਲ ਕਰੀਏ ਤਾਂ ਪੰਜਾਬ ‘ਚ ਮਾਨਸੂਨ ਦੀ ਐਂਟਰੀ 30 ਜੂਨ ਤੋਂ ਬਾਅਦ ਹੋਣ ਬਾਰੇ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਭਾਰੀ ਮੀਂਹ ਪਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਇਸ ਵੇਲੇ ਪੂਰੇ ਪੰਜਾਬ ‘ਚ ਮਾਨਸੂਨ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਠਾਨਕੋਟ ‘ਚ ਵੀ ਮਾਨਸੂਨ ਦੀ ਆਉਣ ਵਾਲੀ ਗਤੀਵਿਧੀ ਦਾ ਪ੍ਰਭਾਵ ਸਾਫ਼ ਤੌਰ ‘ਤੇ ਦੇਖਿਆ ਗਿਆ ਹੈ ਅਤੇ ਪਠਾਨਕੋਟ ਸਣੇ ਕਈ ਇਲਾਕਿਆਂ ‘ਚ ਬੱਦਲਵਾਈ ਦੇ ਨਾਲ ਮੀਂਹ ਪੈ ਰਿਹਾ ਹੈ। ਪਠਾਨਕੋਟ ‘ਚਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.6 ਤੋਂ 3 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਵਲੋਂ ਅਗਲੇ 4 ਦਿਨਾਂ ‘ਚ ਮਾਨਸੂਨ ਦੀ ਗਤੀਵਿਧੀ ‘ਚ ਤੇਜ਼ੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ।