ਲੁਧਿਆਣਾ: ਪਿੰਡ ਤਾਜਪੁਰ ਜੀ ਸਿਟੀ ਕਾਲੋਨੀ ਵਿਚ ਰਹਿਣ ਵਾਲਾ ਇਕ ਪਰਿਵਾਰ ਆਪਣੇ ਪੁੱਤਰ ਦਾ ਫ਼ੋਨ ਸੁਣਨ ਤੋਂ ਬਾਅਦ ਉਸ ਨੂੰ ਇੱਧਰ-ਉੱਧਰ ਲੱਭਦਾ ਰਿਹਾ ਪਰ ਪਰਿਵਾਰ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲਾਸ਼ ਮਿਲੀ। ਪਰਿਵਾਰ ਦਾ ਦੋਸ਼ ਹੈ ਕਿ ਉਸਦੇ ਦੋਸਤ ਉਸਨੂੰ ਘਰੋਂ ਲੈ ਕੇ ਗਏ ਸਨ ਤੇ ਦੋਸਤਾਂ ਨੇ ਉਸਦਾ ਕਤਲ ਕਰ ਦਿੱਤਾ। ਉਸ ਦੇ ਸਰੀਰ ’ਤੇ ਕਈ ਸੱਟਾਂ ਦੇ ਨਿਸ਼ਾਨ ਹਨ। ਜਦੋਂ ਕਿ ਪੁਲਸ ਦਾ ਮੰਨਣਾ ਹੈ ਕਿ ਸ਼ੇਰਪੁਰ ਚੌਕ ਦੇ ਨੇੜੇ ਲੋਕਾਂ ਨੇ ਨੌਜਵਾਨ ਨੂੰ ਖੋਹ ਕਰਨ ਵਾਲਾ ਸਮਝ ਕੇ ਫੜ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਸ਼ੱਕ ਹੈ ਕਿ ਇਹੀ ਉਸ ਦੀ ਮੌਤ ਦਾ ਕਾਰਨ ਹੈ।
ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ 19 ਸਾਲਾ ਲਵਪ੍ਰੀਤ ਸਿੰਘ ਵਜੋਂ ਕੀਤੀ ਹੈ। ਪੁਲਸ ਨੇ ਲਵਪ੍ਰੀਤ ਸਿੰਘ ਦੀ ਦਾਦੀ ਬਲਜੀਤ ਕੌਰ ਦੇ ਬਿਆਨ ’ਤੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇੰਸ. ਕੁਲਵੰਤ ਕੌਰ ਨੇ ਕਿਹਾ ਕਿ ਲਵਪ੍ਰੀਤ ਦਾ ਦੋਸਤ, ਜੋ ਉਸ ਦੇ ਨਾਲ ਗਿਆ ਸੀ, ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।