ਨੂਰਪੁਰਬੇਦੀ -ਬਰਸਾਤੀ ਮੌਸਮ ਅਤੇ ਕਾਰੋਬਾਰੀ ਮੁਸ਼ਕਿਲਾਂ ਕਾਰਨ ਇਸ ਵਾਰ ਇੱਟਾਂ ਦੇ ਭੱਠੇ 7 ਮਹੀਨਿਆਂ ਲਈ ਬੰਦ ਹੋ ਗਏ ਹਨ। ਜਿਨਾਂ ਵੱਲੋਂ ਇੱਟਾਂ ਦੀ ਪੈਦਾਵਾਰ ਰੋਕੇ ਜਾਣ ਦੇ ਚੱਲਦਿਆਂ ਨਿਰਮਾਣ ਸਮੱਗਰੀ ਦੀ ਮੰਗ ਵਧਣ ’ਤੇ ਪਹਿਲੇ 15 ਦਿਨਾਂ ਵਿਚਕਾਰ ਹੀ ਰੇਟਾਂ ’ਚ ਇਜਾਫਾ ਹੋਣ ਕਾਰਨ ਗ਼ਰੀਬਾਂ ਦੇ ਸਸਤੇ ਮਕਾਨ ਬਣਾੳਣ ਦੇ ਸੁਫ਼ਨੇ ਟੁੱਟਣੇ ਸ਼ੁਰੂ ਹੋ ਗਏ ਹਨ। ਜਦਕਿ ਅਗਾਮੀ ਦਿਨਾਂ ’ਚ ਇਨ੍ਹਾਂ ਹਾਲਾਤ ਦੇ ਹੋਰ ਗੰਭੀਰ ਹੋਣ ’ਤੇ ਰੀਅਲ ਐਸਟੇਟ ਦਾ ਕਾਰੋਬਾਰ ਹੋਰ ਪ੍ਰਭਾਵਿਤ ਹੋਣ ਦੇ ਆਸਾਰ ਪੈਦਾ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਅਕਸਰ ਇੱਟਾਂ ਦੇ ਭੱਠੇ ਬਰਸਾਤ ਦੇ ਮੌਸਮ ਦੌਰਾਨ ਜੂਨ ਮਹੀਨੇ ਤੋਂ ਬੰਦ ਹੋ ਜਾਂਦੇ ਹਨ ਜੋ ਜ਼ਿਆਦਾ 4 ਮਹੀਨਿਆਂ ਬਾਅਦ ਸਰਦੀਆਂ ਮੌਸਮ ਦੌਰਾਨ ਮੁੜ ਚਾਲੂ ਹੋ ਜਾਂਦੇ ਸਨ ਪਰ ਇਸ ਵਾਰ ਉਕਤ ਭੱਠੇ ਦਸੰਬਰ ਮਹੀਨੇ ਤੱਕ ਬੰਦ ਰੱਖਣ ਦਾ ਕਾਰੋਬਾਰੀਆਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਅਤੇ ਜਿਨ੍ਹਾਂ ਦੇ ਮੁੜ ਜਨਵਰੀ ’ਚ 7 ਮਹੀਨਿਆਂ ਬਾਅਦ ਚਾਲੂ ਹੋਣ ’ਤੇ ਇੱਟਾਂ ਦੀ ਪੈਦਾਵਾਰ ਸ਼ੁਰੂ ਹੋ ਸਕੇਗੀ। ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਇੱਟਾਂ ਦੇ ਭੱਠੇ ਕਰੀਬ 3 ਮਹੀਨੇ ਹੋਰ ਵਾਧੂ ਸਮੇਂ ਲਈ ਬੰਦ ਰੱਖੇ ਜਾਣਗੇ।