ਨਵੀਂ ਦਿੱਲੀ- ਅਹਿਮਦਾਬਾਦ ਪਲੇਨ ਕ੍ਰੈਸ਼ ਤੋਂ ਬਾਅਦ ਏਅਰ ਇੰਡੀਆ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਦੌਰਾਨ ਇਕ ਹੋਰ ਵੱਡੀ ਕਾਰਵਾਈ ਦੌਰਾਨ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਏਅਰ ਇੰਡੀਆ ਦੇ 3 ਅਧਿਕਾਰੀਆਂ ਨੂੰ ਪਾਇਲਟ ਕ੍ਰੂ ਮੈਂਬਰਾਂ ਦੀ ਲਿਸਟ ‘ਚੋਂ ਹਟਾਉਣ ਦਾ ਆਦੇਸ਼ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ‘ਚ ਡਿਵੀਜ਼ਨਲ ਵਾਇਸ ਪ੍ਰੈਜ਼ੀਡੈਂਟ ਚੂਰਾ ਸਿੰਘ, ਕ੍ਰੂ ਸ਼ੈਡਿਊਲਿੰਗ ਦੇ ਚੀਫ਼ ਮੈਨੇਜਰ ਪਿੰਕੀ ਮਿੱਤਲ ਤੇ ਕ੍ਰੂ ਸ਼ੈਡਿਊਲਿੰਗ ਦੇ ਪਾਇਲ ਅਰੋੜਾ ਸ਼ਾਮਲ ਹਨ।
ਡੀ.ਜੀ.ਸੀ.ਏ. ਨੇ ਏਅਰ ਇੰਡੀਆ ਦੇ ਇਨ੍ਹਾਂ 3 ਅਧਿਕਾਰੀਆਂ ਨੂੰ ਇਨ੍ਹਾਂ ਦੀਆਂ ਕ੍ਰੂ ਮੈਂਬਰ ਵਜੋਂ ਸਾਰੀਆਂ ਸੇਵਾਵਾਂ ਤੇ ਜ਼ਿੰਮੇਵਾਰੀਆਂ ਤੋਂ ਹਟਾਉਣ ਦਾ ਆਦੇਸ਼ ਦਿੱਤਾ ਹੈ। ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਬਿਨਾਂ ਕਿਸੇ ਦੇਰੀ ਦੇ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ 16 ਤੇ 17 ਮਈ ਨੂੰ ਬੰਗਲੁਰੂ-ਲੰਡਨ ਵਿਚਕਾਰ ਉੱਡੀਆਂ ਫਲਾਈਟਾਂ ਕਾਰਨ ਹੋਈ ਹੈ, ਜਿਨ੍ਹਾਂ ‘ਚ ਪਾਇਲਟਾਂ ਨੂੰ ਲਗਾਤਾਰ 10 ਘੰਟੇ ਤੱਕ ਜਹਾਜ਼ ਉਡਾਉਣਾ ਪਿਆ ਸੀ, ਜੋ ਕਿ ਨਿਯਮਾਂ ਦੇ ਖ਼ਿਲਾਫ਼ ਹੈ। ਡੀ.ਜੀ.ਸੀ.ਏ. ਨੇ ਕਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਨ੍ਹਾਂ ਦੇ ਅਹੁਦਿਆਂ ਤੋਂ ਹਟਾ ਕੇ ਅਜਿਹੇ ਖੇਤਰ ‘ਚ ਤਾਇਨਾਤ ਕੀਤਾ ਜਾਵੇ, ਜਿੱਥੋਂ ਇਨ੍ਹਾਂ ਦੀ ਕਾਰਵਾਈ ਦਾ ਜਹਾਜ਼ਾਂ ਦੀ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਾ ਹੋਵੇ।