ਲੁਧਿਆਣਾ : ਸ਼ਨੀਵਾਰ ਨੂੰ ਸਲੇਮ ਟਾਬਰੀ ਇਲਾਕੇ ਵਿਚ ਇਕ ਨੌਜਵਾਨ ਨੇ ਘਰ ਅੰਦਰ ਵੜ ਕੇ ਇਕ ਔਰਤ ਦਾ ਕਤਲ ਕਰ ਦਿੱਤਾ। ਹਮਲਾਵਰ ਨੇ ਔਰਤ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ। ਜਿਸ ਕਾਰਣ ਔਰਤ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਸਲੇਮ ਟਾਬਰੀ ਥਾਣੇ ਦੀ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਔਰਤ ਦੀ ਪਛਾਣ ਬੇਬੀ ਜੈਨ ਵਜੋਂ ਕੀਤੀ ਹੈ।
ਘਟਨਾ ਸਮੇਂ ਔਰਤ ਘਰ ਵਿਚ ਇਕੱਲੀ ਸੀ। ਪੁਲਸ ਦੋਸ਼ੀ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਮ੍ਰਿਤਕਾ ਦਾ ਪਤੀ ਸੁਰਿੰਦਰ ਬਾਜ਼ਾਰ ਤੋਂ ਵਾਪਸ ਆਇਆ। ਉਸਨੇ ਦੇਖਿਆ ਕਿ ਬੇਬੀ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ਵਿਚ ਪਈ ਸੀ। ਜਿਸ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।