ਇੰਟਰਨੈਸ਼ਨਲ – ਪੱਛਮੀ ਅਫਰੀਕਾ ‘ਚ ਸਥਿਤ ਦੇਸ਼ ਨਾਈਜੀਰੀਆ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਉੱਤਰ-ਪੂਰਬੀ ਇਲਾਕੇ ‘ਚ ਸਥਿਤ ਸਟੇਟ ਆਫ਼ ਬੋਰਨੋ ਵਿਖੇ ਇਕ ਰੈਸਟੋਰੈਂਟ ‘ਚ ਹੋਏ ਆਤਮਘਾਤੀ ਬਲਾਸਟ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ।
ਹਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸ਼ੁੱਕਰਵਾਰ ਦੀ ਸ਼ਾਮ ਕੋਂਡੁਗਾ ਇਲਾਕੇ ‘ਚ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਮਲਾ ਬੋਕੋ ਹਰਮ ਗਰੁੱਪ ਵੱਲੋਂ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2009 ‘ਚ ਹੋਂਦ ‘ਚ ਆਏ ਨਾਈਜੀਰੀਆ ਦੇ ਬੋਕੋ ਹਰਮ ਨੇ ਪੱਛਮੀ ਸਿੱਖਿਆ ਨੀਤੀਆਂ ਦਾ ਵਿਰੋਧ ਕਰਨ ਤੇ ਇਸਲਾਮਿਕ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਹਥਿਆਰ ਉਠਾਏ ਸਨ ਤੇ ਉਦੋਂ ਤੋਂ ਇਹ ਅਜਿਹੇ ਕਈ ਤਰ੍ਹਾਂ ਦੇ ਹਮਲੇ ਕਰ ਚੁੱਕਾ ਹੈ।
ਇਸ ਦੌਰਾਨ 35,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ, ਜਦਕਿ 20 ਲੱਖ ਤੋਂ ਜ਼ਿਆਦਾ ਲੋਕ ਇਲਾਕਾ ਛੱਡ ਕੇ ਉੱਤਰ-ਪੱਛਮੀ ਇਲਾਕਿਆਂ ਵੱਲ ਨੂੰ ਚਲੇ ਗਏ ਹਨ। ਹਾਲਾਂਕਿ ਰਾਸ਼ਟਰਪਤੀ ਤਿਨੂਬੂ ਨੇ ਇਨ੍ਹਾਂ ਸੰਗਠਨਾਂ ਖ਼ਿਲਾਫ਼ ਕਾਰਵਾਈ ਦਾ ਵਾਅਦਾ ਕੀਤਾ ਸੀ, ਪਰ ਇਸ ਦੇ ਬਾਵਜੂਦ ਇਹ ਸੰਗਠਨ ਹਾਲੇ ਅਜਿਹੇ ਹਮਲੇ ਕਰਨ ਤੋਂ ਬਾਜ ਨਹੀਂ ਆ ਰਿਹਾ।