ਨੈਸ਼ਨਲ ਅੱਜ ਪੰਜਾਬ ਦੇ ਲੁਧਿਆਣਾ ਵੈਸਟ ਸਣੇ ਗੁਜਰਾਤ ਦੀਆਂ 2, ਪੱਛਮੀ ਬੰਗਾਲ ਤੇ ਕੇਰਲ ਦੀ 1-1 ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣਾਂ ਦੀ ਗਿਣਤੀ ਹੋ ਰਹੀ ਹੈ, ਜਿਨ੍ਹਾਂ ‘ਚੋਂ ਗੁਜਰਾਤ ਦੀ ਕਾਦੀ ਤੇ ਵਿਸਾਵਦਾਰ ਸੀਟਾਂ ਦੇ ਨਤੀਜੇ ਸਾਹਮਣੇ ਆ ਗਏ ਹਨ।
ਗੁਜਰਾਤ ਦੇ ਵਿਸਾਵਦਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਟਾਲੀਆ ਗੋਪਾਲ ਨੇ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੇ ਕੀਰਿਤ ਪਟੇਲ ਨੂੰ 17 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਵਿਧਾਇਕ ਦੀ ਕੁਰਸੀ ਹਾਸਲ ਕੀਤੀ ਹੈ। ਇਸ ਸੀਟ ਤੋਂ ਗੋਪਾਲ ਨੂੰ 75,942 ਵੋਟਾਂ ਪਈਆਂ ਹਨ, ਜਦਕਿ ਭਾਜਪਾ ਦੇ ਕੀਰਿਤ ਪਟੇਲ ਨੂੰ 58,388 ਵੋਟਾਂ ਮਿਲੀਆਂ ਹਨ। ਉੱਥੇ ਹੀ ਕਾਂਗਰਸ ਦੇ ਨਿਤਿਨ ਰਾਨਪਰੀਆ ਸਿਰਫ਼ 5501 ਵੋਟਾਂ ਹੀ ਹਾਸਲ ਕਰ ਸਕੇ ਹਨ, ਜਦਕਿ 1,716 ਲੋਕਾਂ ਨੇ ਨੋਟਾ ਦਾ ਬਟਨ ਦਬਾਇਆ ਹੈ।
ਉੱਥੇ ਹੀ ਗੁਜਰਾਤ ਦੀ ਦੂਜੀ ਸੀਟ ਕਾਦੀ ਤੋਂ ਭਾਜਪਾ ਉਮੀਦਵਾਰ ਰਾਜੇਂਦਰਕੁਮਾਰ ਦਾਨੇਸ਼ਵਰ ਚਵੜਾ ਨੇ 39,452 ਵੋਟਾਂ ਨਾਲ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਦੇ ਰਮੇਸ਼ਭਾਈ ਚਵੜਾ ਨੂੰ ਹਰਾਇਆ ਹੈ। ਰਾਜੇਂਦਰਕੁਮਾਰ ਨੂੰ 99,742, ਜਦਕਿ ਰਮੇਸ਼ਭਾਈ ਨੂੰ 60,290 ਵੋਟਾਂ ਪਈਆਂ ਹਨ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਸ਼ਭਾਈ ਚਵੜਾ ਨੂੰ ਸਿਰਫ਼ 3,090 ਵੋਟਾਂ ਹਾਸਲ ਹੋਈਆਂ ਹਨ, ਜਦਕਿ 1701 ਲੋਕਾਂ ਨੇ ਨੋਟਾ ਨੂੰ ਚੁਣਿਆ।