ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਹਨ, ਇਸ ਲਈ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਸ਼ਾਨਦਾਰ ਸਫ਼ਲਤਾ ਹਾਸਲ ਹੋਈ ਹੈ। ਕੇਜਰੀਵਾਲ ਨੇ ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ਮਗਰੋਂ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਕਿਹਾ ਕਿ ਗੁਜਰਾਤ ਦੀ ਵਿਸਾਵਦਰ ਅਤੇ ਪੰਜਾਬ ਦੀ ਲੁਧਿਆਣਾ ਵੈਸਟ ਸੀਟਾਂ ‘ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ‘ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਗੁਜਰਾਤ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵਧਾਈ ਅਤੇ ਬਹੁਤ-ਬਹੁਤ ਧੰਨਵਾਦ। ਦੋਵਾਂ ਥਾਵਾਂ ‘ਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਲੱਗਭਗ ਦੋਗੁਣੇ ਮਾਰਜਿਨ ਨਾਲ ਜਿੱਤ ਹਾਸਲ ਹੋਈ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਇਹ ਵਿਖਾਉਂਦਾ ਹੈ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੇ 2022 ਤੋਂ ਵੀ ਜ਼ਿਆਦਾ ਵੋਟਾਂ ਦਿੱਤੀਆਂ ਹਨ। ਗੁਜਰਾਤ ਦੀ ਜਨਤਾ ਹੁਣ ਭਾਜਪਾ ਤੋਂ ਪਰੇਸ਼ਾਨ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿਚ ਉਮੀਦ ਵਿਖਾਈ ਦੇ ਰਹੀ ਹੈ। ਦੋਵਾਂ ਥਾਵਾਂ ਕਾਂਗਰਸ ਅਤੇ ਭਾਜਪਾ ਪਾਰਟੀਆਂ ਮਿਲ ਕੇ ਚੋਣਾਂ ਲੜੀਆਂ। ਇਨ੍ਹਾਂ ਦੋਵਾਂ ਦਾ ਇਕ ਹੀ ਮਕਸਦ ਸੀ- ‘ਆਪ’ ਨੂੰ ਹਰਾਉਣਾ ਪਰ ਲੋਕਾਂ ਨੇ ਦੋਵਾਂ ਥਾਵਾਂ ‘ਤੇ ਇਨ੍ਹਾਂ ਪਾਰਟੀਆਂ ਨੂੰ ਨਕਾਰ ਦਿੱਤਾ।