ਕਠੂਆ ਦੇ ਸੈਦਾ ਸੁਖਲ ਪਿੰਡ ਦੇ ਇੱਕ ਸੁਚੇਤ ਵਿਅਕਤੀ ਨੇ ਸਮੇਂ ਸਿਰ ਸਥਾਨਕ ਲੋਕਾਂ ਨੂੰ ਹਥਿਆਰਬੰਦ ਅੱਤਵਾਦੀਆਂ ਬਾਰੇ ਸੁਚੇਤ ਕੀਤਾ, ਜਿਸ ਕਾਰਨ ਵੱਡੀ ਘਟਨਾ ਟਲ ਗਈ ਅਤੇ ਪੁਲਿਸ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ। ਇਸ ਦੌਰਾਨ ਕੌਮਾਂਤਰੀ ਸਰਹੱਦ ਦੇ ਨੇੜੇ ਇਕ ਪਿੰਡ ‘ਚ ਮੰਗਲਵਾਰ ਸ਼ਾਮ ਨੂੰ ਹੋਏ ਅੱਤਵਾਦੀ ਹਮਲੇ ‘ਚ ਇਕ ਸ਼ੱਕੀ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ। ਮੁਕਾਬਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਇੱਕ ਨਾਗਰਿਕ ਵੀ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਇਕ ਹੋਰ ਫਰਾਰ ਅੱਤਵਾਦੀ ਨੂੰ ਫੜਨ ਲਈ 17 ਘੰਟੇ ਚੱਲੇ ਆਪ੍ਰੇਸ਼ਨ ਤੋਂ ਬਾਅਦ ਵੀ ਇਲਾਕੇ ‘ਚ ਤਣਾਅ ਬਣਿਆ ਹੋਇਆ ਹੈ।
ਦਰਅਸਲ ਪਿੰਡ ਦੇ ਇੱਕ ਵਿਅਕਤੀ ਸੁਰਿੰਦਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਪਿੰਡ ਪਰਤ ਰਿਹਾ ਸੀ ਤਾਂ ਹਥਿਆਰਬੰਦ ਅੱਤਵਾਦੀਆਂ ਦਾ ਸਾਹਮਣਾ ਹੋ ਗਿਆ। ਅੱਤਵਾਦੀਆਂ ਨੇ ਸੁਰਿੰਦਰ ਤੋਂ ਪਾਣੀ ਮੰਗਿਆ, ਜਿਸ ਤੋਂ ਬਾਅਦ ਉਸ ਨੂੰ ਉਨ੍ਹਾਂ (ਬੰਦੂਕਧਾਰੀਆਂ) ਦੇ ਵਿਵਹਾਰ ‘ਤੇ ਸ਼ੱਕ ਹੋ ਗਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਜ਼ਿਲ੍ਹਾ ਵਿਕਾਸ ਕਮੇਟੀ ਦੇ ਮੈਂਬਰ ਨੂੰ ਸੂਚਿਤ ਕੀਤਾ, ਜਿੰਨ੍ਹਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਤੁਰੰਤ ਪਹੁੰਚੀ ਅਤੇ ਇੱਕ ਅੱਤਵਾਦੀ ਮਾਰਿਆ ਗਿਆ ਜਦੋਕਿ ਦੂਜਾ ਫਰਾਰ ਹੋ ਗਿਆ।
ਇਸ ਦੇ ਨਾਲ ਹੀ ਸੁਰਿੰਦਰ ਨੇ ਦੱਸਿਆ ਕਿ ਸੂਚਨਾ ਦੇਣ ਤੋਂ ਕੁੱਝ ਦੇਰ ਬਾਅਦ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਇੱਕ ਧਮਾਕਾ ਹੋਇਆ ਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸੁਰਿੰਦਰ ਨੇ ਕਿਹਾ ਕਿ ਜੇ ਅੱਤਵਾਦੀ ਦਿਨ ਵੇਲੇ ਆ ਜਾਂਦੇ ਤਾਂ ਸਥਿਤੀ ਹੋਰ ਖਰਾਬ ਹੋ ਸਕਦੀ ਸੀ ਕਿਉਂਕਿ ਸਵੇਰ ਵੇਲੇ ਭੀੜ ਹੁੰਦੀ ਹੈ। ਗੋਲਬਾਰੀ ਰਾਤ 3 ਵਜੇ ਫਿਰ ਸ਼ੁਰੂ ਹੋਈ, ਜਿਸ ਵਿੱਚ ਸੀਆਰਪੀਐਫ ਦਾ ਇੱਕ ਅਧਿਕਾਰੀ ਸ਼ਹੀਦ ਹੋ ਗਿਆ।