ਲੁਧਿਆਣਾ- ਟਰਾਂਸਪੋਰਟ ਵਿਭਾਗ ’ਚ ਬੀਤੇ ਦਿਨੀਂ ਪਠਾਨਕੋਟ ਤੋਂ ਆਏ ਦੀਪਕ ਸਿੰਘ ਨੇ ਏ. ਟੀ. ਓ ਅਹੁਦਾ ਸੰਭਾਲਿਆ ਸੀ। ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਲਾਇਸੈਂਸ ਪ੍ਰਕਿਰਿਆ ਨੂੰ ਦਰੁੱਸਤ ਕਰਨ ਦੀ ਪਹਿਲ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਜੇ ਤੱਕ 2500 ਤੋਂ ਵੱਧ ਪੱਕੇ ਡਰਾਈਵਿੰਗ ਲਾਇਸੈਂਸਾਂ ਦੀਆਂ ਫਾਈਲਾਂ ਪਾਸ ਕਰ ਦਿੱਤੀਆਂ ਹਨ, ਜਿਸ ਨਾਲ ਬਿਨੈਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਦੀਪਕ ਸਿੰਘ ਦਾ ਕਹਿਣਾ ਹੈ ਕਿ ਉਹ ਬਿਨੈਕਾਰਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਜਲਦ ਤੋਂ ਜਲਦ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਅਤੇ ਸਬੰਧਿਤ ਕਾਗਜ਼ਾਤ ਉਪਲੱਬਧ ਕਰਵਾਉਣਗੇ।
ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਲਾਇਸੈਂਸਿੰਗ ਪ੍ਰਕਿਰਿਆ ਪਾਰਦਰਸ਼ੀ ਹੋਵੇ ਤਾਂ ਜੋ ਬਿਨੈਕਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਦੀਪਕ ਸਿੰਘ ਨੂੰ ਲੁਧਿਆਣਾ ’ਚ ਡਰਾਈਵਿੰਗ ਟੈਸਟ ਦੇ ਦੋਵੇਂ ਪ੍ਰਮੁੱਖ ਟਰੈਕਾਂ, ਸਰਕਾਰੀ ਕਾਲਜ ਦੇ ਟਰੈਕ ਅਤੇ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਟਰੈਕ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੋਵੇਂ ਥਾਵਾਂ ‘ਤੇ ਡਰਾਈਵਿੰਗ ਦਾ ਸੰਚਾਲਨ ਹੁੰਦਾ ਹੈ, ਜੋ ਸ਼ਹਿਰ ਲਈ ਜ਼ਰੂਰੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ਟੈਸਟ ਪ੍ਰਕਿਰਿਆ ਨੂੰ ਹੋਰ ਵੱਧ ਸਾਫ਼ ਅਤੇ ਨਿਰਪੱਖ ਬਣਾਉਣਗੇ ਤਾਂ ਜੋ ਯੋਗ ਉਮੀਦਵਾਰਾਂ ਨੂੰ ਹੀ ਡਰਾਈਵਿੰਗ ਲਾਇਸੈਂਸ ਮਿਲਣ। ਉਨ੍ਹਾਂ ਨੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਿਨੈਕਾਰਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਨਾਲ ਹੱਲ ਕਰਨ। ਦੀਪਕ ਸਿੰਘ ਦਾ ਮੰਨਣਾ ਹੈ ਕਿ ਬਿਨੈਕਾਰਾਂ ਨੂੰ ਪੂਰੀ ਜਾਣਕਾਰੀ ਉਪਲੱਬਧ ਕਰਵਾਉਣਾ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਹੱਲ ਕਰਨਾ ਵਿਭਾਗ ਦੀ ਜ਼ਿੰਮੇਵਾਰੀ ਹੈ।