ਚੰਡੀਗੜ੍ਹ : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਲੇਹ ਪਹੁੰਚੀ ਏਅਰ ਇੰਡੀਆ ਦੀ ਉਡਾਣ ਦੇ ਸਟਾਫ਼ ਦੀ ਲਾਪਰਵਾਹੀ ਕਾਰਨ ਯਾਤਰੀਆਂ ਦਾ ਸਮਾਨ ਚੰਡੀਗੜ੍ਹ ’ਚ ਰਹਿ ਗਿਆ। ਲੇਹ ਹਵਾਈ ਅੱਡੇ ’ਤੇ ਸਮਾਨ ਨਾ ਮਿਲਣ ’ਤੇ ਯਾਤਰੀਆਂ ਦੇ ਹੋਸ਼ ਹੀ ਉੱਡ ਗਏ ਅਤੇ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਸਟਾਫ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੈ। ਚੰਡੀਗੜ੍ਹ ਦੇ ਯਾਤਰੀ ਗੁਰਪ੍ਰਤਾਪ ਸਿੰਘ ਬੇਦੀ ਨੇ ਦੱਸਿਆ ਕਿ ਸਟਾਫ਼ ਦੀ ਲਾਪਰਵਾਹੀ ਕਾਰਨ ਕਰੀਬ 100 ਤੋਂ ਵੱਧ ਯਾਤਰੀਆਂ ਦਾ ਸਮਾਨ ਚੰਡੀਗੜ੍ਹ ’ਚ ਹੀ ਰਹਿ ਗਿਆ। ਇਸ ਉਡਾਣ ’ਚ 177 ਯਾਤਰੀ ਸਵਾਰ ਸੀ, ਜਦਕਿ ਕਰੀਬ 100 ਯਾਤਰੀਆਂ ਦਾ ਸਮਾਨ ਰਹਿ ਗਿਆ।
ਅਜਿਹੇ ’ਚ ਕਈ ਯਾਤਰੀਆਂ ਦੇ ਬੈਗਾਂ ’ਚ ਮਹੱਤਵਪੂਰਨ ਦਸਤਾਵੇਜ਼ ਸੀ, ਜਿਸ ਕਾਰਨ ਇਹ ਛੋਟੀ ਲਾਪਰਵਾਹੀ ਨਹੀਂ। ਯਾਤਰੀਆਂ ਦਾ ਦੋਸ਼ ਹੈ ਕਿ ਉਡਾਣ ਨਾ ਸਿਰਫ਼ 2 ਘੰਟੇ ਦੇਰੀ ਨਾਲ ਪਹੁੰਚੀ, ਸਗੋਂ ਲੇਹ ਏਅਰਪੋਰਟ ਪਹੁੰਚੇ ਤਾਂ ਸਮਾਨ ਨਹੀਂ ਮਿਲਿਆ। ਯਾਤਰੀਆਂ ਨੇ ਸਟਾਫ਼ ’ਤੇ ਦੁਰਵਿਵਹਾਰ ਕਰਨ ਦਾ ਵੀ ਦੋਸ਼ ਲਾਇਆ। ਯਾਤਰੀਆਂ ਦਾ ਕਹਿਣਾ ਹੈ ਕਿ ਬੈਗਾਂ ’ਚ ਦਵਾਈਆਂ, ਗਹਿਣੇ ਅਤੇ ਕੈਸ਼ ਸੀ। ਸਮਾਨ ਨੂੰ ਲੈ ਕੇ ਸਵਾਲ ਪੁੱਛਣ ’ਤੇ ਸਹੀ ਤਰ੍ਹਾਂ ਜਵਾਬ ਵੀ ਨਹੀਂ ਦਿੱਤਾ ਗਿਆ। ਚੰਡੀਗੜ੍ਹ ਹਵਾਈ ਅੱਡੇ ਤੋਂ ਲੇਹ ਲਈ ਏਅਰ ਇੰਡੀਆ ਦੀ ਉਡਾਣ ਨੰਬਰ ਏ. ਐੱਲ-458 ਸਵੇਰੇ 10.20 ਵਜੇ ਉਡਾਣ ਭਰਦੀ ਹੈ ਪਰ ਮੰਗਲਵਾਰ ਨੂੰ ਕਰੀਬ 2 ਘੰਟੇ 40 ਮਿੰਟ ਦੀ ਦੇਰੀ ਨਾਲ ਉਡਾਣ ਭਰੀ।
ਸਟਾਫ਼ ਨੇ ਦੁਰਵਿਵਹਾਰ ਕੀਤਾ। ਇੱਥੋਂ ਤੱਕ ਕਿ ਪਾਣੀ ਦੇ ਲਈ ਨਹੀਂ ਪੁੱਛਿਆ ਗਿਆ ਅਤੇ ਨਾ ਹੀ ਬੈਠਣ ਲਈ ਕਿਹਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਲੇਹ ’ਚ ਮੌਸਮ ਖ਼ਰਾਬ ਹੋਣ ਕਾਰਨ ਉਡਾਣ ਭਰਣ ’ਚ ਦੇਰੀ ਹੋਈ। ਉੱਥੇ ਹੀ ਉਡਾਣ ’ਚ ਸਮਾਨ ਦਾ ਭਾਰ ਵੱਧ ਹੋਣ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਕੁੱਝ ਸਮਾਨ ਰੋਕ ਲਿਆ ਗਿਆ ਹੈ, ਜੋ ਬੁੱਧਵਾਰ ਸਵੇਰ ਲੇਹ ਭੇਜ ਦਿੱਤਾ ਜਾਵੇਗਾ।