ਲੋਹੀਆਂ ਖਾਸ -ਲੋਹੀਆਂ ਪੁਲਸ ਨੇ ਬੀਤੇ ਦਿਨ ਵੱਖ-ਵੱਖ ਮਾਮਲਿਆਂ ’ਚ 8 ਮੁਲਜ਼ਮਾਂ ਨੂੰ ਕਾਬੂ ਕਰਕੇ 5 ਮਾਮਲਿਆਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ’ਚੋਂ 3 ਮਾਮਲੇ ਸਾਲ 2024 ਅਤੇ 2 ਮਾਮਲੇ 2025 ਦੇ ਦੱਸੇ ਦਾ ਰਹੇ ਹਨ ਜਦਕਿ ਲੋਹੀਆਂ ਨੇੜੇ ਪੈਂਦੇ ਪੈਟਰੋਲ ਪੰਪ ਦੇ ਮਾਲਕ ਕੋਲੋਂ 50 ਲੱਖ ਦੀ ਫਿਰੌਤੀ ਮੰਗਣ ਅਤੇ ਮਨ੍ਹਾ ਕਰਨ ’ਤੇ ਉਸ ‘ਤੇ ਗੋਲ਼ੀਆਂ ਚਲਾਈਆਂ ਗਈਆਂ ਸਨ ਪਰ ਪੰਪ ਮਾਲਕ ਇਸ ਗੋਲ਼ੀਬਾਰੀ ’ਚ ਬਚ ਗਿਆ ਸੀ।
ਐੱਸ. ਐੱਸ. ਪੀ. ਦਿਹਾਤੀ ਜਲੰਧਰ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀ. ਐੱਸ. ਪੀ. ਓਂਕਾਰ ਸਿੰਘ ਬਰਾੜ, ਬਲਵਿੰਦਰ ਸਿੰਘ ਭੁੱਲਰ ਐੱਸ. ਐੱਚ. ਓ. ਸ਼ਾਹਕੋਟ, ਲਾਭ ਸਿੰਘ ਐੱਸ. ਐੱਚ. ਓ. ਲੋਹੀਆਂ ਤੇ ਸੀ. ਆਈ. ਏ. ਦਿਹਾਤੀ ਦੀਆਂ ਟੀਮਾਂ ਨੇ ਐੱਚ. ਪੀ. ਪੈਟਰੋਲ ਪੰਪ ਦੇ ਮਾਲਕ ਗੁਰਚਰਨ ਸਿੰਘ ਉਰਫ਼ ਲਾਲੀ ਵਾਸੀ ਨਸੀਰਪੁਰ ਥਾਣਾ ਲੋਹੀਆਂ ਕੋਲੋਂ ਫਿਰੌਤੀ ਮੰਗਣ ਅਤੇ ਉਸ ’ਤੇ ਗੋਲ਼ੀਆਂ ਚਲਾਉਣ ਦੇ ਦੋਸ਼ ’ਚ 2 ਮੁਲਜ਼ਮਾਂ ਅਨਮੋਲਪ੍ਰੀਤ ਸਿੰਘ ਉਰਫ਼ ਮੇਲਾ ਵਾਸੀ ਚੱਕ ਯੂਸਫਪੁਰ ਆਲੇਵਾਲਥਾਣਾ ਲੋਹੀਆਂ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਹੰਸਾਵਾਲਾ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਮੁਲਜ਼ਮਾਂ ਨੇ ਦੌਰਾਨੇ ਤਫ਼ਤੀਸ਼ ਇਸ ਵਾਰਦਾਤ ’ਚ ਸ਼ਾਮਲ ਹੋਣ ਦਾ ਮੰਨਿਆ। ਜਾਂਚ ਦੌਰਾਨ 6 ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਮਿਲੀ, ਜੋ ਉਨ੍ਹਾਂ ਨਾਲ ਫਿਰੌਤੀਆਂ ਮੰਗਦੇ ਸਨ।