ਨੈਸ਼ਨਲ – ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ 3 ਹੋਰ ਪੁਲਾੜ ਯਾਤਰੀਆਂ ਨੇ ਅੱਜ Axiom-4 Mission ਤਹਿਤ ਪੁਲਾੜ ਦੀ ਉਡਾਣ ਭਰ ਲਈ ਹੈ। Axiom-4 Mission ਇਨ੍ਹਾਂ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲੈ ਕੇ ਜਾਵੇਗਾ। ਇਹ ਉਡਾਣ ਭਰ ਕੇ ਸ਼ੁਭਾਂਸ਼ੂ ਨੇ ਇਤਿਹਾਸ ਰਚਿਆ ਹੈ। ਸਪੇਸਐਕਸ ਦੇ ‘ਫਾਲਕਨ-9’ ਰਾਕੇਟ ਨੇ ਦੁਪਹਿਰ 12:01 ਵਜੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ। ਮਿਸ਼ਨ ਦੇ ਤਹਿਤ 4 ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣਗੇ। ਸ਼ੁਭਾਂਸ਼ੂ ਸ਼ੁਕਲਾ ਇਸ ਮਿਸ਼ਨ ਵਿਚ ਪਾਇਲਟ ਵਜੋਂ ਕੰਮ ਕਰਨਗੇ।
ਇਹ ਮਿਸ਼ਨ ਲਗਭਗ 14 ਦਿਨਾਂ ਲਈ ਹੈ, ਜਿਸ ਦੌਰਾਨ ISS ‘ਤੇ 60 ਤੋਂ ਵੱਧ ਵਿਗਿਆਨਕ ਤਜਰਬੇ ਕੀਤੇ ਜਾਣਗੇ, ਜਿਨ੍ਹਾਂ ਵਿਚੋਂ 7 ਭਾਰਤ ਵੱਲੋਂ ਹਨ। ਸ਼ੁਭਾਂਸ਼ੂ ਖਾਸ ਕਰਕੇ ਮਾਈਕ੍ਰੋਗਰੈਵਿਟੀ ‘ਚ ਮੇਥੀ, ਮੂੰਗ ਦੀ ਦਾਲ ਉਗਾਉਣ, ਮਨੁੱਖੀ ਮਾਸਪੇਸ਼ੀਆਂ ਤੇ ਪ੍ਰਭਾਵ ਜਾਂ ਟਾਰਡਿਗਰੇਡਜ਼ (ਜੀਵਾਣੂ) ਦੇ ਵਿਗਿਆਨਕ ਅਧਿਐਨ ‘ਚ ਭਾਗ ਲੈਣਗੇ। ਮਿਸ਼ਨ ਤਹਿਤ ਇਨ੍ਹਾਂ ਪੁਲਾੜ ਯਾਤਰੀਆਂ ਦੀ ਮਿਸ਼ਨ ਦੇ 28 ਘੰਟੇ ਦੀ ਯਾਤਰਾ ਤੋਂ ਬਾਅਦ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4.30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਦੀ ਉਮੀਦ ਹੈ।