ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਲੀਫੋਰਨੀਆ ਦੇ ਝੀਲ ਤਾਹੋ ਵਿੱਚ ਜਨਮਦਿਨ ਮਨਾ ਰਹੇ ਪਰਿਵਾਰ ਨਾਲ ਹਾਦਸਾ ਵਾਪਰ ਗਿਆ। ਅਚਾਨਕ ਆਏ ਤੂਫਾਨ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਤਬਾਹ ਕਰ ਦਿੱਤਾ। ਤੂਫਾਨ ਕਾਰਨ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਦੋ ਲੋਕਾਂ ਨੂੰ ਬਚਾਇਆ ਗਿਆ।
ਉੱਤਰੀ ਕੈਲੀਫੋਰਨੀਆ ਦੇ ਰੈੱਡਵੁੱਡ ਸਿਟੀ ਦੇ 73 ਸਾਲਾ ਟੈਰੀ ਪਿਕਲਸ ਤਾਹੋ ਝੀਲ ਵਿਚ ਆਪਣੇ ਬੇਟੇ ਸੈਨ ਫਰਾਂਸਿਸਕੋ ਦੇ ਰਹਿਣ ਵਾਲੇ 37 ਸਾਲਾ ਜੋਸ਼ ਪਿਕਲਸ ਦੀ ਕਿਸ਼ਤੀ ‘ਤੇ ਆਪਣੀ ਪਤਨੀ 71 ਸਾਲਾ ਪੌਲਾ ਬੋਜੀਨੋਵਿਕ ਦਾ ਜਨਮਦਿਨ ਮਨਾ ਰਹੇ ਸਨ। ਇਸ ਦੌਰਾਨ ਅਚਾਨਕ ਆਏ ਤੂਫਾਨ ਵਿੱਚ ਕਿਸ਼ਤੀ ਪਲਟ ਗਈ। ਜੋਸ਼ ਪਿਕਲਸ, ਉਸਦੇ ਪਿਤਾ ਟੈਰੀ ਪਿਕਲਸ, ਮਾਂ ਪੌਲਾ ਬੋਜੀਨੋਵਿਕ ਅਤੇ ਉਸਦੇ ਚਾਚਾ 72 ਸਾਲਾ ਪੀਟਰ ਬੇਅਸ, ਜੋ ਕਿ ਲਿੰਕਨ ਦੇ ਰਹਿਣ ਵਾਲੇ ਹਨ, ਦੀ ਹਾਦਸੇ ਵਿੱਚ ਮੌਤ ਹੋ ਗਈ। ਪਰਿਵਾਰ ਦੇ ਬੁਲਾਰੇ ਸੈਮ ਸਿੰਗਰ ਨੇ ਦੱਸਿਆ ਕਿ ਸਾਰੇ ਪੌਲਾ ਬੋਜੀਨੋਵਿਕ ਦਾ ਜਨਮਦਿਨ ਮਨਾ ਰਹੇ ਸਨ। ਜਦੋਂ ਕਿ ਜੋਸ਼ ਪਿਕਲਸ ਦੀ ਪਤਨੀ ਆਪਣੀ ਸੱਤ ਮਹੀਨੇ ਦੀ ਧੀ ਦੀ ਦੇਖਭਾਲ ਲਈ ਘਰ ਹੀ ਰਹੀ। ਉਨ੍ਹਾਂ ਦੱਸਿਆ ਕਿ ਜੋਸ਼ ਅਤੇ ਜੌਰਡਨ ਦਾ ਵਿਆਹ 2023 ਵਿੱਚ ਹੋਇਆ ਸੀ।
27 ਫੁੱਟ (8 ਮੀਟਰ) ਉੱਚੀ ਕ੍ਰਿਸ-ਕਰਾਫਟ ਕਿਸ਼ਤੀ ‘ਤੇ ਦਸ ਲੋਕ ਸਵਾਰ ਸਨ। ਅਮਰੀਕੀ ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਆਏ ਤੂਫਾਨਾਂ ਕਾਰਨ ਉੱਚੀਆਂ ਲਹਿਰਾਂ ਆਈਆਂ ਅਤੇ ਕਿਸ਼ਤੀ ਝੀਲ ਦੇ ਦੱਖਣ-ਪੱਛਮੀ ਕੰਢੇ ‘ਤੇ ਡੀਐਲ ਬਲਿਸ ਸਟੇਟ ਪਾਰਕ ਨੇੜੇ ਪਲਟ ਗਈ। ਲਹਿਰਾਂ ਇੰਨੀਆਂ ਵੱਡੀਆਂ ਸਨ ਕਿ ਪਾਣੀ ਕਿਸ਼ਤੀ ‘ਚ ਭਰ ਗਿਆ। ਜਿਸ ਨਾਲ ਇੰਜਣ ਬੰਦ ਹੋ ਗਿਆ। ਹਾਦਸੇ ਵਿੱਚ ਕੈਲੀਫੋਰਨੀਆ ਦੇ ਔਬਰਨ ਦੇ ਟਿਮੋਥੀ ਓ’ਲੇਰੀ (71), ਥੇਰੇਸਾ ਗਿਉਲਾਰੀ (66), ਅਤੇ ਜੇਮਸ ਗੱਕ (69), ਨਿਊਯਾਰਕ ਦੇ ਹੋਨੋਏ ਦੇ ਰਹਿਣ ਵਾਲੇ ਅਤੇ ਸਪ੍ਰਿੰਗਵਾਟਰ, ਨਿਊਯਾਰਕ ਦੇ ਰਹਿਣ ਵਾਲੇ ਸਟੀਫਨ ਲਿੰਡਸੇ (63) ਦੀ ਵੀ ਮੌਤ ਹੋ ਗਈ।