ਚੰਡੀਗੜ੍ਹ: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਪੰਜਾਬ ਦੀ ਸਿਆਸਤ ਹੋਰ ਵੀ ਜ਼ਿਆਦਾ ਭੱਖ ਗਈ ਹੈ। ਹਾਰ ਮਗਰੋਂ ਪੰਜਾਬ ਕਾਂਗਰਸ ਦੇ ਵਿਚ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਸੀਨੀਅਰ ਲੀਡਰਾਂ ਪਰਗਟ ਸਿੰਘ ਅਤੇ ਕਿੱਕੀ ਢਿੱਲੋਂ ਵੱਲੋਂ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਵੀ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਜਾਣਕਾਰੀ ਮੁਤਾਬਕ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਅਤੇ ਫ਼ਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਆਲ-ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਆਪਣੇ ਅਸਤੀਫ਼ੇ ਭੇਜ ਦਿੱਤੇ ਹਨ। ਫ਼ਿਲਹਾਲ ਇਸ ਬਾਰੇ ਕਿਸੇ ਵੀ ਕਾਂਗਰਸੀ ਲੀਡਰ ਨੇ ਕੋਈ ਬਿਆਨ ਨਹੀਂ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿੱਕੀ ਢਿੱਲੋਂ ਇਸ ਵੇਲੇ ਆਸਟ੍ਰੇਲੀਆ ਵਿਚ ਹਨ ਤੇ ਉਨ੍ਹਾਂ ਨੇ ਈ-ਮੇਲ ਰਾਹੀਂ ਆਪਣਾ ਅਸਤੀਫ਼ਾ ਭੇਜਿਆ ਹੈ।