ਲੁਧਿਆਣਾ ਪੰਜਾਬ ਦੇ ਸਾਰੇ ਸਕੂਲਾਂ ਵਿਚ ਇਸ ਵੇਲੇ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਵਿਚਾਲੇ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ) ਅਤੇ ਸਕੂਲ ਮੁਖੀਆਂ ਨੂੰ ਸੈਸ਼ਨ 2025-26 ਦੌਰਾਨ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ-ਮਾਸਿਕ ਟੈਸਟ-1 ਕਰਵਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਪੱਤਰ ਅਨੁਸਾਰ, ਇਹ ਟੈਸਟ 10 ਜੁਲਾਈ, 2025 ਤੋਂ 19 ਜੁਲਾਈ, 2025 ਤੱਕ ਆਫਲਾਈਨ ਮੋਡ ’ਚ ਲਿਆ ਜਾਵੇਗਾ। ਸਾਰੇ ਸਕੂਲ ਮੁਖੀ ਆਪਣੇ ਪੱਧਰ ’ਤੇ ਡੇਟਸ਼ੀਟ ਤਿਆਰ ਕਰਨ ਅਤੇ ਯੋਜਨਾਬੱਧ ਢੰਗ ਨਾਲ ਟੈਸਟ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ।6ਵੀਂ ਤੋਂ 8ਵੀਂ ਜਮਾਤ ਲਈ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦਾ ਦੋ-ਮਾਸਿਕ ਟੈਸਟ ਉਨ੍ਹਾਂ ਵਿਸ਼ਿਆਂ ’ਚੋਂ ਲਿਆ ਜਾਵੇਗਾ, ਜੋ ਮਿਸ਼ਨ ਸਮਰੱਥ ਯੋਜਨਾ ਤਹਿਤ ਜੁਲਾਈ ’ਚ ਪੜ੍ਹਾਏ ਜਾਂਦੇ ਸਨ। ਇਸ ਦੇ ਨਾਲ ਹੀ ਹੋਰ ਵਿਸ਼ਿਆਂ ਦਾ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ’ਚੋਂ ਹੋਵੇਗਾ। 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਸਾਰੀਆਂ ਕਲਾਸਾਂ ’ਚ ਦੋ-ਮਾਸਿਕ ਪ੍ਰੀਖਿਆਵਾਂ ਸਿਰਫ਼ ਅਪ੍ਰੈਲ ਅਤੇ ਮਈ ਦੇ ਸਿਲੇਬਸ ’ਚੋਂ ਲਈਆਂ ਜਾਣਗੀਆਂ।