ਬਾਂਗੀ, ਸਕੂਲੀ ਵਿਦਿਆਰਥੀਆਂ ਦੇ ਪੇਪਰ (ਇਮਤਿਹਾਨ) ਦੌਰਾਨ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦ ਵਿਦਿਆਰਥੀ ਪੇਪਰ ਦੇ ਰਹੇ ਸਨ ਤਾਂ ਅਚਾਨਕ ਸਕੂਲ ਲਾਗੇ ਇਕ ਟਰਾਂਸਫਾਰਮਰ ‘ਚ ਜ਼ਬਰਦਸਤ ਬਲਾਸਟ ਹੋ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਮੱਧ ਅਫਰੀਕੀ ਗਣਰਾਜ ਦੀ ਰਾਜਧਾਨੀ ਬਾਂਗੀ ਦੇ ਬਾਰਥੇਲੇਮੀ ਬੋਗਾਂਦਾ ਹਾਈ ਸਕੂਲ ਵਿੱਚ ਇਮਤਿਹਾਨ ਚੱਲ ਰਹੇ ਸਨ। ਸਕੂਲ ਵਿੱਚ ਦੋ ਇਮਤਿਹਾਨ ਕੇਂਦਰ ਸਨ, ਜਿੱਥੇ ਕੁੱਲ 5,311 ਵਿਦਿਆਰਥੀ ਹਾਜ਼ਰ ਸਨ। ਪਹਿਲਾਂ ਬਿਜਲੀ ਟਰਾਂਸਫਾਰਮਰ ‘ਚ ਕੁਝ ਖਰਾਬੀ ਆ ਗਈ। ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਬਾਰੇ ਰਾਸ਼ਟਰੀ ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਟਰਾਂਸਫਾਰਮਰ ਵਿੱਚ ਪਹਿਲਾਂ ਆਈ ਤਕਨੀਕੀ ਖਰਾਬੀ ਦੀ ਮੁਰੰਮਤ ਲਈ ਇਨਰਕਾ (ENERCA) ਦੀ ਟੀਮ ਭੇਜੀ ਗਈ ਸੀ। ਪਰ ਜਿਵੇਂ ਹੀ ਬਿਜਲੀ ਸਪਲਾਈ ਦੁਬਾਰਾ ਚਾਲੂ ਹੋਈ, ਟਰਾਂਸਫਾਰਮਰ ਫਟ ਗਿਆ। ਇਸ ਨਾਲ ਇਮਤਿਹਾਨ ਕੇਂਦਰਾਂ ‘ਤੇ ਅਫਰਾ-ਤਫਰੀ ਮਚ ਗਈ।ਹਾਦਸੇ ਤੋਂ ਬਾਅਦ ਹਸਪਤਾਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ 10 ਲਾਸ਼ਾਂ ਮਿਲ ਚੁੱਕੀਆਂ ਹਨ ਤੇ ਕਈ ਵਿਦਿਆਰਥੀਆਂ ਦੀ ਹਾਲਤ ਨਾਜੁਕ ਹੈ।
ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾਵੇਗੀ, ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਬਾਕੀ ਇਮਤਿਹਾਨਾਂ ਦੀ ਨਵੀਂ ਤਾਰੀਖ ਜਲਦੀ ਜਾਰੀ ਕੀਤੀ ਜਾਵੇਗੀ। ਉਥੇ ਹੀ ਮੌਕੇ ‘ਤੇ ਮੌਜੂਦ ਇੱਕ ਵਿਦਿਆਰਥੀ ਰੁਫ਼ਿਨ ਪਾਂਡਾਮਾ ਨੇ ਦੱਸਿਆ ਕਿ, “ਅਸੀਂ ਪੇਪਰ ਦੇ ਰਹੇ ਸੀ, ਅਚਾਨਕ ਇੱਕ ਭਿਆਨਕ ਧਮਾਕਾ ਹੋਇਆ। ਲੋਕ ਦੌੜਨ ਲੱਗ ਪਏ। ਕਈ ਸਾਥੀ ਡਿੱਗ ਗਏ ਤੇ ਕੁਚਲੇ ਗਏ।”