ਜਲੰਧਰ : ਜਲੰਧਰ ਵਿਚ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ’ਤੇ ਜਾ ਰਹੇ ਪਿਤਾ-ਪੁੱਤਰ ਨੂੰ ਬੁਰੀ ਤਰਾ ਦਰੜ ਦਿੱਤਾ। ਨਕੋਦਰ ਰੋਡ ਤੇ ਹੋਏ ਇਸ ਭਿਆਨਕ ਹਾਦਸੇ ਵਿੱਚ ਪਿਉ ਪੁੱਤਰ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵਾਂ ਦੇ ਸਰੀਰ ਦੇ ਕਈ ਹਿੱਸੇ ਹੋ ਗਏ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਹੇਰਾਂ ਪਿੰਡ ਦੇ ਰਹਿਣ ਵਾਲੇ ਜਸਵੀਰ ਸਿੰਘ (42) ਅਤੇ ਕਰਮਨ ਸਿੰਘ (16) ਦੇ ਰੂਪ ਵਿਚ ਹੋਈ ਹੈ।
ਜਸਵੀਰ ਸਿੰਘ ਦੇ ਜੀਜਾ ਮੋਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਧੀ ਦਾ ਵਿਆਹ ਸੀ। ਅਸੀਂ ਮਕਸੂਦਾਂ ਮੰਡੀਆਂ ਵਿਚ ਸਬਜੀ ਲੈਣ ਲਈ ਜਾਣਾ ਸੀ। ਮੈਂ ਮੋਟਰਸਾਈਕਲ ‘ਤੇ ਥੋੜੀ ਅੱਗੇ ਨਿਕਲ ਗਿਆ। ਦੂਜੇ ਮੋਟਰਸਾਈਕਲ ‘ਤੇ ਜਸਵੀਰ ਸਿੰਘ ਤੇ ਕਰਮਨ ਆ ਰਹੇ ਸਨ। ਕੁਝ ਦੂਰੀ ‘ਤੇ ਜਾ ਕੇ ਜਸਵੀਰ ਨਹੀਂ ਆਇਆ ਤਾਂ ਉਸ ਨੇ ਕਾਲ ਕੀਤੀ ਪਰ ਕਿਸੇ ਨੇ ਕਾਲ ਨਹੀਂ ਚੁੱਕੀ ਤਾਂ ਉਸ ਨੇ ਪਿੰਡ ਫੋਨ ਕਰਕੇ ਕਿਹਾ ਕਿ ਜਸਵੀਰ ਅਤੇ ਕਰਮਨ ਫੋਨ ਨਹੀਂ ਚੁੱਕ ਰਹੇ ਹਨ। ਇਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ‘ਤੇ ਵਾਪਸ ਆਉਣ ਲੱਗਾ। ਇਸ ਦੌਰਾਨ ਜਦੋਂ ਖਾਲਸਾ ਸਕੂਲ ਡੰਪ ਕੋਲ ਪਹੁੰਚਿਆ ਤਾਂ ਉਸ ਨੂੰ ਹਾਦਸੇ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਵਿਆਹ ਵਾਲੇ ਘਰ ਵਿਚ ਕੋਹਰਾਮ ਮਚ ਗਿਆ।