ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕੇਨਰਾ ਬੈਂਕ ਨਾਲ ਭਾਈਵਾਲੀ ਜ਼ਰੀਏ ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਕੰਮ ਕਰਦੇ 44,301 ਮਿਡ-ਡੇਅ ਮੀਲ ਕੁੱਕ-ਕਮ-ਹੈਲਪਰਾਂ ਨੂੰ 16 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਅਤੇ ਹੋਰ ਲਾਭ ਪ੍ਰਦਾਨ ਕਰਨ ਲਈ ਇਕ ਵਿਆਪਕ ਬੀਮਾ ਯੋਜਨਾ ਸ਼ੁਰੂ ਕੀਤੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਅਨਿੰਦਿਤਾ ਮਿੱਤਰਾ, ਆਈ. ਏ. ਐੱਸ. ਦੀ ਮੌਜੂਦਗੀ ’ਚ ਵੀਰਵਾਰ ਨੂੰ ਡਾਇਰੈਕਟੋਰੇਟ ਆਫ਼ ਐਲੀਮੈਂਟਰੀ ਐਜੂਕੇਸ਼ਨ (ਮਿਡ-ਡੇਅ ਮੀਲ) ਅਤੇ ਕੇਨਰਾ ਬੈਂਕ ਚੰਡੀਗੜ੍ਹ ਦਰਮਿਆਨ ਇਕ ਸਮਝੌਤਾ (ਐੱਮ. ਓ. ਯੂ.) ਸਹੀਬੱਧ ਕੀਤਾ ਗਿਆ। ਇਸ ਭਾਈਵਾਲੀ ਦਾ ਉਦੇਸ਼ ਕੁੱਕ-ਕਮ-ਹੈਲਪਰਾਂ ਨੂੰ ਵਿੱਤੀ ਸੁਰੱਖਿਆ ਅਤੇ ਹੋਰ ਲਾਭ ਪ੍ਰਦਾਨ ਕਰਨਾ ਹੈ।
ਇਸ ਬੀਮਾ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਕਵਰ ਵਿਆਪਕ ਲਾਭ ਪ੍ਰਦਾਨ ਕਰਦਾ ਹੈ, ਜਿਸ ’ਚ ਕੁਦਰਤੀ ਕਾਰਨਾਂ ਕਰ ਕੇ ਮੌਤ ਹੋਣ ’ਤੇ 1 ਲੱਖ ਰੁਪਏ ਦਾ ਮਿਆਦੀ ਬੀਮਾ, ਦੁਰਘਟਨਾ ’ਚ ਮੌਤ ਹੋਣ ’ਤੇ 16 ਲੱਖ ਰੁਪਏ ਅਤੇ 18 ਲੱਖ ਰੁਪਏ ਦਾ ਹਵਾਈ ਦੁਰਘਟਨਾ ਕਵਰ ਸ਼ਾਮਲ ਹੈ।