ਗੁਰੂਹਰਸਹਾਏ : ਅੱਜ ਸਵੇਰੇ ਕ੍ਰਿਕਟ ਦਾ ਮੈਚ ਖੇਡ ਰਹੇ 35 ਸਾਲ ਦੇ ਕਰੀਬ ਨੌਜਵਾਨ ਹਰਜੀਤ ਸਿੰਘ ਦੀ ਖੇਡਣ ਦੌਰਾਨ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਰੋਡ ‘ਤੇ ਸਥਿਤ ਕ੍ਰਿਕਟ ਮੈਦਾਨ ‘ਚ ਹਰਜੀਤ ਸਿੰਘ ਮੈਚ ਖੇਡ ਰਿਹਾ ਸੀ। ਹਰਜੀਤ ਸਿੰਘ ਨੇ ਆਪਣੀ ਬੈਟਿੰਗ ਦੌਰਾਨ ਜਦੋਂ ਛੱਕਾ ਮਾਰਿਆ ਤਾਂ ਨੋਨ ਸਟਰਾਇਕ ਐਂਡ ਤੋਂ ਸਾਥੀ ਜਦ ਇੱਕ-ਦੂਜੇ ਨੂੰ ਮਿਲੇ ਤਾਂ ਸਾਥੀ ਨੂੰ ਪੁੱਛਿਆ ਕਿ ਸ਼ਾਟ ਕਿਹੋ ਜਿਹਾ ਸੀ ਤਾਂ ਉਸਨੇ ਕਿਹਾ ਕਿ ਬਹੁਤ ਹੀ ਵਧੀਆ ਸ਼ਾਟ ਸੀ।
ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਨੂੰ ਗਰਮੀ ਬਹੁਤ ਲੱਗਦੀ ਪਈ ਹੈ। ਇੰਨੀ ਗੱਲ ਕਹਿ ਕੇ ਉਹ ਮੈਦਾਨ ‘ਚ ਹੀ ਲੰਮਾ ਪੈ ਗਿਆ। ਮੈਦਾਨ ‘ਤੇ ਮੌਜੂਦ ਸਾਥੀਆਂ ਨੇ ਉਸ ਨੂੰ ਪਾਣੀ ਪਿਲਾਇਆ ਅਤੇ ਹਾਰਟ ਨੂੰ ਪੰਪ ਕੀਤਾ ਅਤੇ ਉਸ ਨੂੰ ਚੁੱਕ ਕੇ ਕਾਰ ‘ਚ ਸ਼ਹਿਰ ਦੇ ਹਸਪਤਾਲ ‘ਚ ਲੈ ਕੇ ਆਏ। ਇੱਥੇ ਡਾਕਟਰ ਨੇ ਚੈੱਕ ਕੀਤਾ ਤਾਂ ਉਸ ਨੇ ਹਰਜੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ।
ਦੱਸਣਯੋਗ ਹੈ ਕਿ ਹਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਕ੍ਰਿਕਟ ਖੇਡਦਾ ਸੀ ਅਤੇ ਉਹ ਵਿਆਹੁਤਾ ਸੀ। ਉਸਦਾ ਇੱਕ 5 ਸਾਲ ਦੇ ਕਰੀਬ ਬੇਟਾ ਹੈ। ਉਹ ਸ਼ਹਿਰ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ਵਿਖੇ ਰਹਿੰਦਾ ਸੀ। ਉਸ ਦੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੈ। ਇਸ ਨੌਜਵਾਨ ਦੀ ਅਚਨਚੇਤ ਮੌਤ ਹੋ ਜਾਣ ਕਾਰਨ ਕ੍ਰਿਕਟ ਸਾਥੀਆਂ ‘ਚ ਅਤੇ ਸ਼ਹਿਰ ‘ਚ ਸੋਗ ਦਾ ਮਾਹੌਲ ਹੈ।