ਰੂਪਨਗਰ -ਰੋਪੜ ਦੇ ਤੇਗਬੀਰ ਸਿੰਘ ਨੇ ਰੂਸ ਵਿਚ ਸਥਿਤ ਮਾਊਂਟ ਐਲਬਰਸ (ਯੂਰਪ ਮਹਾਂਦੀਪ) ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਜੋਕਿ 18510 ਫੁੱਟ (5642 ਮੀਟਰ) ਤੋਂ ਵੱਧ ਦੀ ਹੈਰਾਨੀਜਨਕ ਉਚਾਈ ’ਤੇ ਹੈ। 6 ਸਾਲ ਅਤੇ 9 ਮਹੀਨਿਆਂ ਦੀ ਛੋਟੀ ਉਮਰ ‘ਚ ਤੇਗਬੀਰ ਸਿੰਘ ਨੇ ਇਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਉਹ ਮਾਊਂਟ ਐਲਬਰਸ ( ਯੂਰਪ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਸਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਪਰਬਤਰੋਹੀ ਬਣ ਗਿਆ ਹੈ। ਤੇਗਬੀਰ ਨੇ 20 ਜੂਨ ਨੂੰ ਮਾਊਂਟ ਐਲਬਰਸ ਤੱਕ ਟ੍ਰੈਕ ਸ਼ੁਰੂ ਕੀਤਾ ਅਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਐਲਬਰਸ ਚੋਟੀ ਤੱਕ ਪਹੁੰਚਣ ਵਿਚ ਕਾਮਯਾਬ ਹੋਇਆ ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਇਕ ਘੱਟ ਆਕਸੀਜਨ ਟ੍ਰੈਕ ਹੈ ਅਤੇ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਜਿੱਤਦੇ ਹੋਏ ਉਹ ਚੋਟੀ ਦੇ ਸਿਖ਼ਰ ’ਤੇ ਪਹੁੰਚ ਗਿਆ, ਜਿੱਥੇ ਆਮ ਤਾਪਮਾਨ ਮਾਈਨਸ 10 ਸੈਲਸੀਅਸ ਹੈ ਅਤੇ ਉਸ ਨੇ ਆਪਣਾ ਸੁਫ਼ਨਾ ਪੂਰਾ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਉਸ ਨੂੰ ਮਾਊਂਟੇਨੀਅਰਿੰਗ, ਰੌਕ ਕਲਾਈਮਿੰਗ ਐਂਡ ਸਪੋਰਟਸ ਟੂਰਿਜ਼ਮ ਫੈੱਡਰੇਸ਼ਨ ਆਫ਼ ਕਬਾਰਡੀਨੋ-ਬਲਕਾਰੀਅਨ ਰਿਪਬਲਿਕ (ਰੂਸ) ਵੱਲੋਂ ਜਾਰੀ ਕੀਤਾ ਗਿਆ ਮਾਊਂਟੇਨ ਕਲਾਈਮਿੰਗ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਸ ਦੇ ਛੋਟੇ ਸ਼ਬਦਾਂ ਵਿਚ ”ਮੈਨੂੰ ਪਤਾ ਸੀ ਕਿ ਮੈਨੂੰ ਕਿੱਥੇ ਪਹੁੰਚਣਾ ਹੈ ਅਤੇ ਅੰਤ ਵਿਚ ਮੈਂ ਪਹੁੰਚ ਗਿਆ ਅਤੇ ਉੱਥੇ ਆਪਣੇ ਪਿਤਾ ਨਾਲ ਇਕ ਤਸਵੀਰ ਖਿਚਵਾਈ।”