ਚੰਡੀਗੜ੍ਹ/ਅੰਮ੍ਰਿਤਸਰ, 30 ਜੂਨ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਨਸ਼ਿਆਂ ਦੀ ਤਸਕਰੀ ਖਿਲਾਫ਼ ਵੱਡੀ ਕਾਰਵਾਈ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਪਾਕਿਸਤਾਨ-ਅਧਾਰਤ ਤਸਕਰ ਤਨਵੀਰ ਸ਼ਾਹ ਅਤੇ ਕੈਨੇਡਾ-ਅਧਾਰਤ ਹੈਂਡਲਰ ਜੋਬਨ ਕਲੇਰ ਦੁਆਰਾ ਚਲਾਏ ਜਾ ਰਹੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਕਾਰਟਿਲ ਦਾ ਪਰਦਾਫਾਸ਼ ਕਰਦਿਆਂ ਰਾਜਸਥਾਨ ਦੇ ਬਾੜਮੇਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜਿਓਂ 60.302 ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦਿੱਤੀ।
ਇਸ ਕਾਰਵਾਈ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਤੋਂ ਤਸਕਰਾਂ ਅਤੇ ਹਵਾਲਾ ਆਪਰੇਟਰਾਂ ਸਮੇਤ ਘੱਟੋ-ਘੱਟ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਪਿੰਡ ਰਾਮਪੁਰਾ, ਅੰਮ੍ਰਿਤਸਰ ਦੇ ਗਗਨਦੀਪ ਸਿੰਘ ਉਰਫ਼ ਗਗਨ (23), ਪਿੰਡ ਖੁਰਮਣੀਆਂ, ਅੰਮ੍ਰਿਤਸਰ ਦੇ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ (20), ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਦੇ ਗੁਰਸਾਹਿਬ ਸਿੰਘ (25), ਪਿੰਡ ਕਲਿਆਣਾ, ਜੰਮੂ ਤੇ ਕਸ਼ਮੀਰ ਦੇ ਰਾਜੀਵ ਪੰਜਗੋਤਰਾ ਉਰਫ਼ ਰਾਜਵੀਰ (29), ਫਤਿਹਪੁਰ ਬ੍ਰਾਹਮਣਾ, ਜੰਮੂ-ਕਸ਼ਮੀਰ ਦੇ ਸੋਮਨਾਥ (62), ਸਿੰਬਲ ਕੈਂਪ, ਜੰਮੂ-ਕਸ਼ਮੀਰ ਦੇ ਪ੍ਰਸ਼ੋਤਮ ਸਿੰਘ ਉਰਫ਼ ਕਾਲਾ (50), ਅੰਮ੍ਰਿਤਸਰ ਦੇ ਪਿੰਡ ਮੂਲੇਚੱਕ ਦੇ ਕੁਲਵਿੰਦਰ ਸਿੰਘ (24), ਜੰਮੂ-ਕਸ਼ਮੀਰ ਦੇ ਪਿੰਡ ਟਾਂਡਾ ਦੀ ਰਜਿੰਦਰ ਕੌਰ (42) ਵਜੋਂ ਹੋਈ ਹੈ। ਉਕਤ ਮੁਲਜ਼ਮਾਂ ਤੋਂ ਇਲਾਵਾ ਇੱਕ ਹਵਾਲਾ ਆਪਰੇਟਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਰੱਗ ਕਾਰਟਿਲ ਪਾਕਿਸਤਾਨ-ਅਧਾਰਤ ਤਸਕਰ ਤਨਵੀਰ ਸ਼ਾਹ ਅਤੇ ਕੈਨੇਡਾ-ਅਧਾਰਤ ਤਸਕਰ ਜੋਬਨ ਕਲੇਰ ਦੁਆਰਾ ਲੋਕਲ ਕਿੰਗਪਿੰਨ ਗੁਰਸਾਹਿਬ ਸਿੰਘ ਦੀ ਮਦਦ ਨਾਲ ਚਲਾਇਆ ਜਾ ਰਿਹਾ ਸੀ, ਜੋ ਪਹਿਲਾਂ ਹੀ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਬੰਦ ਹੈ, ਜੋ ਜੇਲ੍ਹ ਦੇ ਅੰਦਰੋਂ ਵੀ ਮੋਬਾਈਲ ਫੋਨ ਦੀ ਵਰਤੋਂ ਨਾਲ ਇਸ ਨੈੱਟਵਰਕ ਨੂੰ ਲਗਾਤਾਰ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਅਧਿਕਾਰੀਆਂ ਦੀ ਮਦਦ ਨਾਲ ਉਸਦਾ ਫੋਨ ਬਰਾਮਦ ਕਰ ਲਿਆ ਗਿਆ ਹੈ ਅਤੇ ਕੈਨੇਡਾ-ਪਾਕਿਸਤਾਨ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਲਈ ਉਸਦਾ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਗਿਆ ਹੈ।