ਮਜੀਠਾ : ਅੱਜ ਬਿਕਰਮ ਸਿੰਘ ਮਜੀਠੀਆ ਜੋ ਕੇ ਵਿਜੀਲੈਂਸ ਦੀ ਹਿਰਾਸਤ ਵਿਚ ਹਨ, ਉਨ੍ਹਾਂ ਨੂੰ ਅੱਜ ਵਿਜੀਲੈਂਸ ਵਲੋਂ ਉਨ੍ਹਾਂ ਦੇ ਮਜੀਠਾ ਵਿਖੇ ਰਿਹਾਇਸ਼ੀ ਦਫਤਰ ਵਿਚ ਜਾਂਚ ਲਈ ਲਿਆਂਦਾ ਗਿਆ। ਇਸ ਮੌਕੇ ਮਜੀਠਾ ਸ਼ਹਿਰ ਨੂੰ ਆਉਣ-ਜਾਣ ਵਾਲੇ ਰਸਤੇ ਆਮ ਲੋਕਾਂ ਅਤੇ ਟ੍ਰੈਫਿਕ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ। ਟ੍ਰੈਫਿਕ ਨੂੰ ਹੋਰਨਾਂ ਬਦਲਵੇਂ ਰੂਟਾਂ ਰਾਹੀ ਡਾਇਵਰਟ ਕੀਤਾ ਗਿਆ।
ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਬੀਬੀ ਗਨੀਵ ਕੌਰ ਮਜੀਠੀਆ ਵਿਧਾਇਕ ਮਜੀਠਾ ਆਪਣੇ ਸਮਰਥਕਾਂ ਨਾਲ ਉੱਥੇ ਪੁੱਜ ਗਏ। ਗਨੀਵ ਕੌਰ ਮਜੀਠੀਆ ਜਿਨ੍ਹਾਂ ਦੀ ਆਪਣੇ ਦਫਤਰ ਅੰਦਰ ਜਾਣ ਨੂੰ ਲੈਕੇ ਪੁਲਸ ਨਾਲ ਤਿਖੀ ਬਹਿਸਬਾਜ਼ੀ ਹੋਈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਕ ਚੁਣੇ ਹੋਏ ਜਨਤਾ ਦੇ ਨੁਮਾਇੰਦੇ ਹਨ ਪਰ ਸਰਕਾਰ ਦੀ ਸ਼ਹਿ ‘ਤੇ ਪੁਲਸ ਉਨ੍ਹਾਂ ਨਾਲ ਧੱਕੇਸ਼ਾਹੀ ‘ਤੇ ਉਤਰ ਆਈ ਹੈ।
ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਦਫਤਰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫਤਰ ਅੰਦਰ ਇਕ ਸੇਵਾਦਾਰ ਦੀ ਪਤਨੀ ਅਤੇ ਉਸਦੇ ਬੱਚੇ ਇਕੱਲੇ ਹਨ ਅਤੇ ਪੁਲਸ ਨੇ ਬਾਹਰ ਤਾਲਾ ਲਗਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿਸ ਦਫਤਰ ਦੀ ਅੱਜ ਜਾਂਚ ਨੂੰ ਲੈ ਕੇ ਸਾਰਾ ਡਰਾਮਾ ਰਚਿਆ ਜਾ ਰਿਹਾ ਹੈ, ਇਸਦੀ ਤਾਂ ਪਹਿਲੇ ਦਿਨ ਹੀ ਬਾਰੀਕੀ ਨਾਲ ਤਲਾਸ਼ੀ ਕਰ ਲਈ ਗਈ ਸੀ। ਇਸ ਦੌਰਾਨ ਬੀਬਾ ਗਨੀਵ ਕੋਰ ਮਜੀਠੀਆ ਨੇ ਆਪਣੇ ਸਮਰਥਕਾਂ ਨਾਲ ਰੋਸ ਵਜੋਂ ਉਥੇ ਹੀ ਬੈਠ ਕੇ ਰੋਸ ਧਰਨਾ ਲਗਾ ਦਿੱਤਾ।