ਹੁਸ਼ਿਆਰਪੁਰ- ਹੁਸ਼ਿਆਰਪੁਰ ਦੀ ਰਹਿਣ ਵਾਲੀ ਤਨਵੀ ਸ਼ਰਮਾ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਤਨਵੀ ਸ਼ਰਮਾ ਬੈਡਮਿੰਟਨ ‘ਚ ਜੂਨੀਅਰ ਵਿਸ਼ਵ ਨੰਬਰ 1 ਬਣ ਗਈ ਹੈ। ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅੰਤਰਰਾਸ਼ਟਰੀ ਬੈਡਮਿੰਟਨ ਸਰਕਟ ਵਿੱਚ ਹਲਚਲ ਮਚਾ ਦਿੱਤੀ। 16 ਸਾਲਾ ਤਨਵੀ ਸ਼ਰਮਾ ਬੀ. ਡਬਲਿਊ. ਐੱਫ਼. ਸੁਪਰ 300 ਯੂ. ਐੱਸ. ਓਪਨ 2025 ਵਿੱਚ ਮਹਿਲਾ ਸਿੰਗਲ ਵਰਗ ਵਿੱਚ ਉਪ ਜੇਤੂ ਰਹੀ ਹੈ।
ਤਨਵੀ ਦਾ ਯੂ. ਐੱਸ. ਓਪਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਉਸ ਦੇ ਉਭਰਦੇ ਕਰੀਅਰ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਹੈ ਕਿਉਂਕਿ ਦੁਨੀਆ ਵਿੱਚ 66ਵੇਂ ਸਥਾਨ ‘ਤੇ ਰਹਿਣ ਵਾਲੀ ਨੌਜਵਾਨ ਭਾਰਤੀ ਸ਼ਟਲਰ ਜੂਨੀਅਰ ਵਿਸ਼ਵ ਨੰਬਰ 1 ਖਿਡਾਰਣ ਬਣ ਗਈ ਹੈ ਅਤੇ ਵਿਸ਼ਵ ਬੈਡਮਿੰਟਨ ਰੈਂਕਿੰਗ ਵਿੱਚ ਚੋਟੀ ਦੇ 50 ਵਿੱਚ ਦਾਖ਼ਲ ਹੋ ਗਈ ਹੈ। ਉਥੇ ਹੀ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਨਵੀ ਸ਼ਰਮਾ ਨੂੰ ਵਧਾਈਆਂ ਦਿੱਤੀਆਂ ਹੈ। ਉਨ੍ਹਾਂ ਟਵੀਟ ਕਰਦੇ ਲਿਖਿਆ ਕਿ ਪੰਜਾਬ ਲਈ ਇਤਿਹਾਸਕ ਤੇ ਮਾਣ ਵਾਲੇ ਪਲ਼।
ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ 16 ਸਾਲ ਦੀ ਉਮਰ ‘ਚ ਵਿਸ਼ਵ ਪੱਧਰ ‘ਤੇ ਪੰਜਾਬ ਸਮੇਤ ਦੇਸ਼ ਦਾ ਨਾਮ ਹੋਰ ਉੱਚਾ ਕੀਤਾ ਹੈ। ਤਨਵੀ ਨੇ ਬੈਡਮਿੰਟਨ ਦੇ Junior Women’s Singles ਦੇ ਫਾਈਨਲ ‘ਚ ਅਮਰੀਕਾ ਦੀ ਖਿਡਾਰਣ ਨੂੰ ਹਰਾ ਕੇ ਨੰਬਰ 1 ਦਾ ਖਿਤਾਬ ਆਪਣੇ ਨਾਮ ਕੀਤਾ। ਸ਼ਾਨਦਾਰ ਪ੍ਰਾਪਤੀ ਲਈ ਤਨਵੀ ਦੇ ਨਾਲ-ਨਾਲ ਕੋਚ ਅਤੇ ਮਾਪਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ। ਪਰਮਾਤਮਾ ਕਰੇ ਤੁਹਾਡੀ ਕਾਮਯਾਬੀ ਦਾ ਸਫ਼ਰ ਹੋਰ ਵੀ ਲੰਬਾ ਹੋਵੇ ਅਤੇ ਪੰਜਾਬ ਦਾ ਨਾਮ ਇਸੇ ਤਰ੍ਹਾਂ ਦੁਨੀਆ ਪੱਧਰ ‘ਤੇ ਚਮਕਾਉਂਦੇ ਰਹੋ।