ਜਲੰਧਰ —ਭਾਰਗੋ ਕੈਂਪ ਵਿਚ ਲੋਕਾਂ ਦੇ ਕੰਮ ਥਾਣੇ ਵਿਚ ਸਹੀ ਢੰਗ ਨਾਲ ਨਾ ਹੋਣ ਕਾਰਨ ਮੌਜੂਦਾ ਸਰਕਾਰ ਦੇ ਕੌਂਸਲਰਾਂ ਨੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਬੀਤੇ ਦਿਨੀਂ ਐੱਸ. ਐੱਚ. ਓ. ਭਾਰਗੋ ਕੈਂਪ ਹਰਦੇਵ ਸਿੰਘ ਖ਼ਿਲਾਫ਼ ਜ਼ਬਰਦਸਤ ਧਰਨਾ-ਪ੍ਰਦਰਸ਼ਨ ਕੀਤਾ ਸੀ। ਜ਼ਿਕਰਯੋਗ ਹੈ ਕਿ ਲੋਕ ਸੜਕਾਂ ’ਤੇ ਬੈਠ ਕੇ ਹਰਦੇਵ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਸਨ।
ਵਾਰਡ ਨੰਬਰ 41 ਤੋਂ ਮਹਿਲਾ ਕੌਂਸਲਰ ਸ਼ਬਨਮ ਦੇ ਪਤੀ ‘ਆਪ’ ਆਗੂ ਅਯੂਬ ਦੁੱਗਲ ਨੇ ਤਾਂ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿ ਜੇਕਰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਹਰਦੇਵ ਸਿੰਘ ਕੇਸ ਦਰਜ ਨਹੀਂ ਕਰਨਗੇ ਤਾਂ ਆਉਣ ਵਾਲੇ ਦਿਨਾਂ ਵਿਚ ਕੁੱਟਮਾਰ ਕਰਨ ਵਾਲੇ ਗੈਂਗਸਟਰ ਵੀ ਬਣ ਸਕਦੇ ਹਨ। ਜੇਕਰ ਸੀਨੀਅਰ ਪੁਲਸ ਅਧਿਕਾਰੀਆਂ ਨੇ ਹਰਦੇਵ ਸਿੰਘ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਮਜਬੂਰ ਹੋ ਕੇ ਪੁਲਸ ਕਮਿਸ਼ਨਰ ਦਫ਼ਤਰ ਵਿਚ ਵੀ ਦਰੀਆਂ ਵਿਛਾ ਕੇ ਧਰਨਾ ਲਾਉਣਗੇ। ਦੂਜੇ ਪਾਸੇ ਏ. ਡੀ. ਸੀ. ਪੀ. ਸਿਟੀ-2 ਹਰਦੇਵ ਸਿੰਘ ਗਿੱਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੂਰੇ ਮਾਮਲੇ ਵਿਚ ਹਰਦੇਵ ਸਿੰਘ ਦੀ ਲਾਪ੍ਰਵਾਹੀ ਸਾਹਮਣੇ ਆਉਣ ’ਤੇ ਉਸ ਨੂੰ ਪੁਲਸ ਲਾਈਨ ਵਿਚ ਭੇਜ ਦਿੱਤਾ ਗਿਆ ਹੈ।
ਇਸ ਬਾਬਤ ਥਾਣੇ ਵਿਚ ਡੀ. ਡੀ. ਆਰ. ਲਾ ਕੇ ਹਰਦੇਵ ਸਿੰਘ ਦੀ ਰਵਾਨਗੀ ਵੀ ਪੁਲਸ ਲਾਈਨ ਦੀ ਕਰ ਦਿੱਤੀ ਹੈ। ਫਿਲਹਾਲ ਏ. ਐੱਸ. ਆਈ. ਸੁਖਵੰਤ ਸਿੰਘ ਕਾਰਜਕਾਰੀ ਤੌਰ ’ਤੇ ਐੱਸ. ਐੱਚ. ਓ. ਦਾ ਕੰਮ ਵੇਖਣਗੇ। ਇਕ ਸਵਾਲ ਦੇ ਜਵਾਬ ਵਿਚ ਪੁਲਸ ਅਧਿਕਾਰੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜੇਕਰ ਹਰਦੇਵ ਸਿੰਘ ਖ਼ਿਲਾਫ਼ ਲਾਏ ਦੋਸ਼ ਸਾਬਤ ਹੋਏ ਤਾਂ ਉਹ ਇਸ ਬਾਬਤ ਸੀਨੀਅਰ ਪੁਲਸ ਅਧਿਕਾਰੀਆਂ ਦੇ ਨੋਟਿਸ ਵਿਚ ਪੂਰਾ ਮਾਮਲਾ ਲਿਆਉਣਗੇ।