ਮੋਗਾ – ਬੀਤੇ ਦਿਨੀਂ ਮਸ਼ਹੂਰ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਅਨਿਲਜੀਤ ਕੰਬੋਜ ਦਾਸ ‘ਤੇ ਦੋ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਨ੍ਹਾਂ ਨੂੰ ਇਲਾਜ ਲਈ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਉੱਥੇ ਹੀ ਅੱਜ ਅਭਿਨੇਤਰੀ ਤਾਨੀਆ ਕੰਬੋਜ ਆਪਣੇ ਪਿਤਾ ਦਾ ਪਤਾ ਲੈਣ ਹਸਪਤਾਲ ਵਿੱਚ ਪਹੁੰਚੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਉਹ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹੇ ਹਨ। ਜੋ ਇਹ ਹਾਦਸਾ ਹੋਇਆ ਹੈ ਉਹ ਨਿੰਦਨਯੋਗ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਇਹੋ ਜਿਹੀ ਸਜ਼ਾ ਦੇਵਾਂਗੇ ਕਿ ਅੱਗੇ ਤੋਂ ਕੋਈ ਇਹੋ ਜਿਹੀ ਘਿਨੌਣੀ ਹਰਕਤ ਕਰਨ ਬਾਰੇ ਸੋਚੇ ਵੀ ਨਾ। ਅਸੀਂ ਸਾਰੇ ਦੁਆ ਕਰਦੇ ਹਾਂ ਕਿ ਡਾਕਟਰ ਅਨਿਲਜੀਤ ਕੰਬੋਜ ਜਲਦ ਠੀਕ ਹੋਣ, ਫਿਲਹਾਲ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ।