ਵੇਰਾਵਲ : ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਵੇਰਾਵਲ ਦੀ ਇੱਕ ਅਦਾਲਤ ਨੂੰ ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਉਕਤ ਸਥਾਨ ‘ਤੇ ਹਫ਼ੜਾ-ਦਫ਼ੜੀ ਮੱਚ ਗਈ। ਹਾਲਾਂਕਿ ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਕਰਨ ‘ਤੇ ਇਹ ਖ਼ਬਰ ਝੂਠੀ ਸਾਬਤ ਹੋਈ, ਕਿਉਂਕਿ ਤਲਾਸ਼ੀ ਲੈਣ ਤੋਂ ਬਾਅਦ ਅਦਾਲਤ ਦੀ ਇਮਾਰਤ ਵਿੱਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਗੱਲ ਦੀ ਜਾਣਕਾਰੀ ਇੱਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ।
ਅਧਿਕਾਰੀ ਨੇ ਕਿਹਾ ਕਿ ਜਿਵੇਂ ਹੀ ਧਮਕੀ ਭਰੀ ਈਮੇਲ ਮਿਲੀ, ਅਦਾਲਤ ਕੰਪਲੈਕਸ ਦੀਆਂ ਤਿੰਨੋਂ ਇਮਾਰਤਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਗਿਰ ਸੋਮਨਾਥ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਵੀ.ਆਰ. ਖੇਂਗਰ ਨੇ ਪੱਤਰਕਾਰਾਂ ਨੂੰ ਦੱਸਿਆ, “ਬੰਬ ਨਿਰੋਧਕ ਦਸਤੇ (ਬੀ.ਡੀ.ਡੀ.ਐਸ.) ਅਤੇ ਡੌਗ ਸਕੁਐਡ ਨੇ ਅਦਾਲਤ ਦੇ ਅਹਾਤੇ ਦੀ ਪੂਰੀ ਤਲਾਸ਼ੀ ਲਈ ਅਤੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।” ਅਧਿਕਾਰੀਆਂ ਨੇ ਦੱਸਿਆ ਕਿ ਬੀਡੀਡੀਐੱਸ ਅਤੇ ਡੌਗ ਸਕੁਐਡ ਦੁਆਰਾ ਅਹਾਤੇ ਦੀ ਜਾਂਚ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਲਗਭਗ ਇੱਕ ਘੰਟੇ ਤੱਕ ਜਾਰੀ ਰਹੀ, ਜਿਸ ਤੋਂ ਬਾਅਦ ਅਦਾਲਤ ਦੇ ਅਹਾਤੇ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ।