ਜਲੰਧਰ – ਜਲੰਧਰ ‘ਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਸੰਜੇ ਗਾਂਧੀ ਨਗਰ ਦੀ ਨਹਿਰ ਪੁਲੀ ਨੇੜੇ ਇਕ ਅਹਾਤੇ ਵਿਚ ਸ਼ਰਾਬ ਪੀ ਰਹੇ 2 ਦੋਸਤਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਦੋਵਾਂ ਵਿਚ ਹੱਥੋਪਾਈਂ ਤਕ ਹੋ ਗਈ, ਜਿਸ ਤੋਂ ਬਾਅਦ ਇਕ ਦੋਸਤ ਨੇ ਦੂਜੇ ਦੇ ਸਿਰ ’ਤੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਕੁਝ ਹੀ ਘੰਟਿਆਂ ਦੀ ਜਾਂਚ ਤੋਂ ਬਾਅਦ ਮੁਲਜ਼ਮ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਪੁਲਸ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਵੇਗੀ।
ਮ੍ਰਿਤਕ ਦੀ ਪਛਾਣ ਬਾਲਿਸਟਰ ਪ੍ਰਸਾਦ (40) ਪੁੱਤਰ ਨਥਵੀ ਪ੍ਰਸਾਦ ਨਿਵਾਸੀ ਕਨਾਲ ਰੋਡ ਸੰਜੇ ਗਾਂਧੀ ਨਗਰ ਵਜੋਂ ਹੋਈ ਹੈ। ਏ. ਸੀ. ਪੀ. ਨਾਰਥ ਆਤਿਸ਼ ਭਾਟੀਆ ਨੇ ਦੱਸਿਆ ਕਿ ਢਲਾਈ ਦਾ ਕੰਮ ਕਰਨ ਵਾਲਾ ਬਾਲਿਸਟਰ ਆਪਣੇ ਦੋਸਤ ਦੀਪਕ ਕੁਮਾਰ ਉਰਫ਼ ਦੀਪੂ ਨਾਲ ਸੰਜੇ ਗਾਂਧੀ ਨਗਰ ਦੀ ਪੁਲੀ ਨੇੜੇ ਅਹਾਤੇ ਵਿਚ ਸ਼ਰਾਬ ਪੀ ਰਿਹਾ ਸੀ। ਇਸੇ ਦੌਰਾਨ ਦੋਵਾਂ ਵਿਚ ਕੁਝ ਤਕਰਾਰ ਹੋ ਗਈ ਅਤੇ ਉਹ ਝਗੜ ਪਏ। ਦੋਸ਼ ਹੈ ਕਿ ਦੀਪਕ ਨੇ ਬਾਲਿਸਟਰ ਦੇ ਸਿਰ ’ਤੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ।
ਜਿਉਂ ਹੀ ਪੁਲਸ ਨੂੰ ਸੂਚਨਾ ਮਿਲੀ ਤਾਂ ਥਾਣਾ ਨੰਬਰ 8 ਦੇ ਇੰਚਾਰਜ ਯਾਦਵਿੰਦਰ ਸਿੰਘ ਅਤੇ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਅਵਤਾਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਅਤੇ ਮਨੁੱਖੀ ਵਸੀਲਿਆਂ ਜ਼ਰੀਏ ਮੁਲਜ਼ਮ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ।