ਨੈਸ਼ਨਲ ਡੈਸਕ : ਅਹਿਮਦਾਬਾਦ ਤੋਂ ਲੰਡਨ ਜਾ ਰਹੇ ਏਅਰ ਇੰਡੀਆ ਦੇ ਬੋਇੰਗ 787-8 ਡ੍ਰੀਮਲਾਈਨਰ ਦੇ ਹਾਦਸੇ ਸਬੰਧੀ ਇੱਕ ਨਵਾਂ ਖੁਲਾਸਾ ਹੋਇਆ ਹੈ। ਇਸ ਜਹਾਜ਼ ਦੇ ਥ੍ਰੋਟਲ ਕੰਟਰੋਲ ਮੋਡੀਊਲ (TCM) ਨੂੰ ਪਿਛਲੇ 6 ਸਾਲਾਂ ਵਿੱਚ ਦੋ ਵਾਰ ਬਦਲਿਆ ਗਿਆ ਸੀ। ਇਸੇ ਟੀਸੀਐੱਮ ਵਿੱਚ ਫਿਊਲ ਕੰਟਰੋਲ ਸਵਿੱਚ ਹੁੰਦੇ ਹਨ। ਸਮਾਚਾਰ ਏਜੰਸੀ ਪੀਟੀਆਈ ਅਨੁਸਾਰ, ਇਹ ਬਦਲਾਅ ਬੋਇੰਗ ਦੇ 2019 ਦੇ ਨਿਰਦੇਸ਼ਾਂ ਤੋਂ ਬਾਅਦ ਕੀਤਾ ਗਿਆ ਸੀ। ਇਸ ਹਾਦਸੇ ਦੀ ਜਾਂਚ ਵਿੱਚ ਟੀਸੀਐੱਮ ਅਤੇ ਫਿਊਲ ਕੰਟਰੋਲ ਸਵਿੱਚ ‘ਤੇ ਸਵਾਲ ਉਠਾਏ ਜਾ ਰਹੇ ਹਨ, ਕਿਉਂਕਿ ਇਹ ਸਵਿੱਚ ਟੇਕਆਫ ਤੋਂ ਤੁਰੰਤ ਬਾਅਦ ਬੰਦ ਕਰ ਦਿੱਤੇ ਗਏ ਸਨ।12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਟੇਕਆਫ ਤੋਂ ਬਾਅਦ ਇੱਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ਤੋਂ ਬਾਅਦ ਇੱਕ ਭਿਆਨਕ ਧਮਾਕਾ ਹੋਇਆ ਜਿਸ ਵਿੱਚ 260 ਲੋਕਾਂ ਦੀ ਜਾਨ ਚਲੀ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਫਿਊਲ ਕੰਟਰੋਲ ਸਵਿੱਚ ਬੰਦ ਹੋਣ ਕਾਰਨ ਜਹਾਜ਼ ਨੂੰ ਲੋੜੀਂਦਾ ਜ਼ੋਰ ਅਤੇ ਉਚਾਈ ਨਹੀਂ ਮਿਲ ਸਕੀ, ਜਿਸ ਕਾਰਨ ਇਹ ਹਾਦਸਾ ਹੋਇਆ।