ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਈਮੇਲ ਰਾਹੀਂ ਮਿਲੀ ਬੰਬ ਧਮਕੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਐੱਸਜੀਪੀਸੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇੱਕ ਦਰਖਾਸਤ ਮਿਲੀ ਸੀ, ਜਿਸ ‘ਚ ਇਸ ਧਮਕੀ ਵਾਲੀ ਈਮੇਲ ਦੀ ਗੱਲ ਕੀਤੀ ਗਈ ਸੀ। ਈਮੇਲ ਵਿੱਚ ਬਲਾਸਟ ਦੀ ਚੇਤਾਵਨੀ ਦਿੱਤੀ ਗਈ ਸੀ, ਜਿਸਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਭੁੱਲਰ ਨੇ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਸੈੱਲ ਅਤੇ ਹੋਰ ਏਜੰਸੀਆਂ ਦੀ ਮਦਦ ਲੈ ਕੇ ਜਾਂਚ ਚਲ ਰਹੀ ਹੈ। ਬੋਮ ਡਿਸਪੋਜ਼ਲ ਸਕਵਾਡ ਅਤੇ ਐਂਟੀਸਪ ਟੀਮਾਂ ਇਲਾਕੇ ਵਿੱਚ ਤਾਇਨਾਤ ਹਨ ਅਤੇ ਸੀਨੀਅਰ ਅਫਸਰ ਵੀ ਸੁਰੱਖਿਆ ਨੂੰ ਲੈ ਕੇ ਡਿਊਟੀ ‘ਤੇ ਲਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਨਤਾ ਘਬਰਾਏ ਨਾ, ਇਹ ਈਮੇਲ ਸੰਭਾਵੀ ਤੌਰ ‘ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਭੇਜੀ ਗਈ ਹੈ। ਈਮੇਲ ਦੀ ਭਾਸ਼ਾ ਅਤੇ ਵਿਚਾਰ ਸਾਊਥ ਇੰਡੀਆ ਦੀਆਂ ਘਟਨਾਵਾਂ ਵੱਲ ਸੰਕੇਤ ਕਰਦੇ ਹਨ। ਅੰਤ ਵਿੱਚ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਸ ਅਤੇ ਪੰਜਾਬ ਪੁਲਸ ਪੂਰੀ ਤਰ੍ਹਾਂ ਸਤਰਕ ਹੈ ਅਤੇ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਫੂਲਪਰੂਫ ਪ੍ਰਬੰਧ ਕੀਤੇ ਗਏ ਹਨ। बहुत ਜਲਦੀ ਇਹ ਕੇਸ ਟਰੇਸ ਕਰ ਲਿਆ ਜਾਵੇਗਾ।