ਇੰਟਰਨੈਸ਼ਨਲ- ਕੈਨੇਡਾ ਆਏ ਦੋ ਪੰਜਾਬੀ ਨੌਜਵਾਨਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਇਸ ਦੇ ਨਾਲ ਹੀ ਜਦੋਂ ਉਨ੍ਹਾਂ ਦੀ ਸਜ਼ਾ ਖ਼ਤਮ ਹੋ ਜਾਵੇਗੀ ਤਾਂ ਉਨ੍ਹਾਂ ਨੂੰ ਇੰਡੀਆ ਡਿਪੋਰਟ ਕਰ ਦਿਤਾ ਜਾਵੇਗਾ। ਸਰੀ ਵਿਖੇ 27 ਜਨਵਰੀ 2024 ਨੂੰ ਵੱਡੇ ਤੜਕੇ ਤਕਰੀਬਨ 2 ਵਜੇ ਵਾਪਰੇ ਜਾਨਲੇਵਾ ਸੜਕ ਹਾਦਸੇ ਦੌਰਾਨ 22 ਸਾਲਾ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਆਪਣੀ ਕਾਰ ਹੇਠ ਫਸੇ ਸ਼ਖਸ ਨੂੰ ਸਵਾ ਕਿਲੋਮੀਟਰ ਤੱਕ ਘੜੀਸ ਕੇ ਲੈ ਗਏ ਅਤੇ ਫਿਰ ਉਸ ਦੀ ਲਾਸ਼ ਨੂੰ ਇਕ ਗਲੀ ਵਿਚ ਸੁੱਟ ਕੇ ਫਰਾਰ ਹੋ ਗਏ। ਦੋਹਾਂ ਨੇ ਖਤਰਨਾਕ ਡਰਾਈਵਿੰਗ, ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਰਹਿਣ ਵਿਚ ਅਸਫ਼ਲ ਰਹਿਣ ਅਤੇ ਲਾਸ਼ ਖੁਰਦ ਬੁਰਦ ਕਰਨ ਦੇ ਦੋਸ਼ ਕਬੂਲ ਕਰ ਲਏ ਸਨ।
ਗਗਨਪ੍ਰੀਤ ਅਤੇ ਜਗਦੀਪ ਨਾਲ ਕਾਰ ਵਿਚ ਇਕ ਤੀਜਾ ਨੌਜਵਾਨ ਵੀ ਮੌਜੂਦ ਸੀ ਜਿਸ ਵਿਰੁੱਧ ਕੋਈ ਦੋਸ਼ ਆਇਦ ਨਾ ਕੀਤਾ ਗਿਆ। ਹਾਦਸੇ ਦੇ ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਕ ਵਿਅਕਤੀ ਸੜਕ ’ਤੇ ਲੰਮਾ ਪਿਆ ਨਜ਼ਰ ਆਇਆ ਤਾਂ ਉਹ 911 ’ਤੇ ਕਾਲ ਕਰਨ ਲੱਗਾ ਪਰ ਇਸੇ ਦੌਰਾਨ ਇਕ ਮਸਟੈਂਗ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਬੰਦਾ ਮੌਕੇ ਤੋਂ ਗਾਇਬ ਹੋ ਗਿਆ। ਗਵਾਹ ਸਮਝ ਗਏ ਕਿ ਬੰਦਾ ਗੱਡੀ ਹੇਠ ਫਸ ਗਿਆ ਅਤੇ ਉਨ੍ਹਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਇਹ ਚੀਕਾਂ 911 ’ਤੇ ਚੱਲ ਰਹੀ ਕਾਲ ਦੌਰਾਨ ਰਿਕਾਰਡ ਹੋ ਗਈਆਂ।
ਇਸ ਮਗਰੋਂ ਉਹ ਗੱਡੀ ਨੂੰ ਇਕ ਬੰਦ ਗਲੀ ਵਿਚ ਲੈ ਗਏ ਅਤੇ ਕਾਰ ਹੇਠ ਫਸੀ ਲਾਸ਼ ਨੂੰ ਕੱਢ ਕੇ ਗਲੀ ‘ਚ ਸੁੱਟ ਦਿੱਤਾ। ਅਦਾਲਤ ਵਿਚ ਇਕ ਸਰਵੇਲੈਂਸ ਵੀਡੀਓ ਪੇਸ਼ ਕੀਤੀ ਗਈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਜਗਦੀਪ ਗੱਡੀ ਨੂੰ ਰਿਵਰਸ ਕਰਦਾ ਹੈ ਜਦਕਿ ਗਗਨਪ੍ਰੀਤ ਲਾਸ਼ ਨੂੰ ਖਿੱਚ ਕੇ ਰਖਦਾ ਹੈ ਅਤੇ ਇਸੇ ਦੌਰਾਨ ਲਾਸ਼ ਗੱਡੀ ਤੋਂ ਵੱਖ ਹੋ ਜਾਂਦੀ ਹੈ। ਮਰਨ ਵਾਲਾ ਸ਼ਖਸ ਕੈਨੇਡੀਅਨ ਮੂਲ ਬਾਸ਼ਿੰਦਿਆਂ ਨਾਲ ਸਬੰਧਤ ਸੀ ਅਤੇ ਉਸ ਨੂੰ ਮੁਕੰਮਲ ਰਸਮਾਂ ਤੋਂ ਬਗੈਰ ਹੀ ਦਫ਼ਨ ਕਰ ਦਿਤਾ ਗਿਆ।