ਨੈਸ਼ਨਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲ੍ਹੇ ‘ਚ 7,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਹ ਪ੍ਰੋਜੈਕਟ ਰੇਲ, ਮੱਛੀ ਪਾਲਣ ਅਤੇ ਹੋਰ ਖੇਤਰਾਂ ਨਾਲ ਸਬੰਧਤ ਹਨ। ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਕਈ ਕੇਂਦਰੀ ਮੰਤਰੀ ਤੇ ਹੋਰ ਪਤਵੰਤੇ ਇਸ ਮੌਕੇ ‘ਤੇ ਮੌਜੂਦ ਸਨ।
ਭਵਿੱਖ ਲਈ ਤਿਆਰ ਰੇਲਵੇ ਨੈੱਟਵਰਕ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਰਾਜੇਂਦਰ ਨਗਰ (ਪਟਨਾ) ਤੇ ਨਵੀਂ ਦਿੱਲੀ, ਬਾਪੂਧਾਮ ਮੋਤੀਹਾਰੀ ਅਤੇ ਦਿੱਲੀ (ਆਨੰਦ ਵਿਹਾਰ ਟਰਮੀਨਲ), ਦਰਭੰਗਾ ਅਤੇ ਲਖਨਊ (ਗੋਮਤੀ ਨਗਰ) ਅਤੇ ਮਾਲਦਾ ਟਾਊਨ ਅਤੇ ਲਖਨਊ (ਗੋਮਤੀ ਨਗਰ) ਵਾਇਆ ਭਾਗਲਪੁਰ ਵਿਚਕਾਰ ਚਾਰ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਕਈ ਰੇਲ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ‘ਚ ਸਮਸਤੀਪੁਰ-ਬਛਵਾੜਾ ਸੈਕਸ਼ਨ ‘ਚ ਆਟੋਮੈਟਿਕ ਸਿਗਨਲਿੰਗ ਸ਼ਾਮਲ ਹੈ ਜੋ ਕੁਸ਼ਲ ਰੇਲ ਸੇਵਾਵਾਂ ਨੂੰ ਸਮਰੱਥ ਬਣਾਏਗੀ, ਦਰਭੰਗਾ-ਥਲਵਾੜਾ ਅਤੇ ਸਮਸਤੀਪੁਰ-ਰਾਮਭਦਰਪੁਰ ਰੇਲ ਲਾਈਨਾਂ ਨੂੰ ਦੋਹਰਾ ਕਰਨਾ, ਜੋ ਕਿ 580 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਦਾ ਹਿੱਸਾ ਹੈ।