ਦੋਰਾਹਾ : ਦੋਰਾਹਾ ਪੁਲਸ ਨੇ ਦੋਰਾਹਾ ਇਲਾਕੇ ‘ਚ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਜ਼ਦੀਕੀ ਮੰਨੇ ਜਾਂਦੇ ਗੈਂਗਸਟਰ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਰਵੀ ਦੇ ਕਬਜ਼ੇ ‘ਚੋਂ 30 ਬੋਰ ਦੀ ਲੋਡਿਡ ਪਿਸਤੌਲ ਵੀ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਰਵੀ ਆਪਣੇ ਪਿਤਾ ਸਰਪੰਚ ਜਗਤਾਰ ਸਿੰਘ, ਜੋ ਕਿ ਵਿਦੇਸ਼ ਜਾਣ ਦੀ ਤਿਆਰੀ ‘ਚ ਸਨ, ਨਾਲ ਮਿਲਣ ਲਈ ਪਿੰਡ ਆਇਆ ਹੋਇਆ ਸੀ।
ਮੁਖਬਰੀ ਦੀ ਬੁਨਿਆਦ ‘ਤੇ ਪੁਲਸ ਨੇ ਛਾਪਾ ਮਾਰਿਆ ਅਤੇ ਰਵੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦੀ ਘੇਰਾਬੰਦੀ ਤੋਂ ਨਹੀਂ ਬਚ ਸਕਿਆ। ਡੀਐੱਸਪੀ ਪਾਇਲ ਹੇਮੰਤ ਮਲਹੋਤਰਾ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਵੀ ਨੂੰ ਪਾਇਲ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ 2 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਸ ਹੁਣ ਉਸ ਤੋਂ ਲੰਬੀ ਪੁੱਛਗਿੱਛ ਕਰ ਰਹੀ ਹੈ ਤੇ ਆਸ ਹੈ ਕਿ ਉਸ ਕੋਲੋਂ ਗੈਂਗਸਟਰ ਨੈੱਟਵਰਕ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਬਾਰੇ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।
ਰਵੀ ਰਾਜਗੜ੍ਹ ‘ਏ-ਕੈਟੇਗਰੀ’ ਦਾ ਖ਼ਤਰਨਾਕ ਗੈਂਗਸਟਰ ਮੰਨਿਆ ਜਾਂਦਾ ਹੈ, ਜਿਸ ਉੱਤੇ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਵਸੂਲੀ, ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਆਦਿ ਸੰਗੀਨ ਅਪਰਾਧਾਂ ਦੇ ਮਾਮਲੇ ਦਰਜ ਹਨ। ਪੁਲਸ ਰਿਕਾਰਡ ਮੁਤਾਬਕ ਉਹ ਕਾਫ਼ੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਕਈ ਸੂਬਿਆਂ ਦੀ ਪੁਲਸ ਤੇ ਕੇਂਦਰੀ ਏਜੰਸੀਆਂ ਉਸ ਦੀ ਤਲਾਸ਼ ‘ਚ ਲੱਗੀਆਂ ਹੋਈਆਂ ਸਨ। ਐੱਨਆਈਏ ਨੇ ਵੀ ਉਸ ਦੇ ਘਰ ‘ਤੇ ਦੋ ਵਾਰੀ ਛਾਪੇ ਮਾਰੇ ਪਰ ਉਹ ਹਰ ਵਾਰ ਸਲੀਕੇ ਨਾਲ ਬਚ ਨਿਕਲਦਾ ਰਿਹਾ।