ਨਵਾਂਸ਼ਹਿਰ ਦੇ ਥਾਣਾ ਕਾਠਗੜ੍ਹ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਆਸਰੋਂ ’ਚ ਇੱਕ 14 ਸਾਲਾਂ ਬੱਚਾ ਪੈਰ ਫਿਸਲਣ ਕਾਰਨ ਸਤਲੁਜ ਦਰਿਆ ‘ਚ ਜਾ ਡਿੱਗਿਆ। ਇੰਨਾ ਹੀ ਨਹੀਂ ਇਸ ਦੌਰਾਨ ਬੱਚੇ ਨੂੰ ਬਚਾਉਣ ਲਈ ਮਗਰ ਗਿਆ ਮਾਮਾ ਵੀ ਸਤਲੁਜ ਦਰਿਆ ’ਚ ਲਾਪਤਾ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਐੱਨਡੀਆਰਐੱਫ ਦੀ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ। ਜਿੰਨ੍ਹਾਂ ਵੱਲੋਂ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਚ ਲਗਾਤਾਰ ਮੀਂਹ ਪੈਣ ਨਾਲ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਇਸ ਲਈ ਬਚਾਅ ਟੀਮਾਂ ਵੱਲੋਂ ਲਾਪਤਾ ਦੀ ਭਾਲ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਹਿਚਾਣ 14 ਸਾਲਾਂ ਬੱਚੇ ਅੰਸ਼ ਅਤੇ ਮਾਮਾ ਰਮਨ ਕੁਮਾਰ ਵੱਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਅੰਸ਼ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਕੁਵੈਤ ਗਏ ਹੋਏ ਸੀ, ਕਿ ਅਚਾਨਕ ਅਜਿਹੀ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਭਾਰਤ ਵੱਲ ਨੂੰ ਰਵਾਨਾ ਹੋ ਗਏ। ਇਸ ਦੇ ਨਾਲ ਹੀ ਅੰਸ਼ ਦੇ ਪਿਤਾ ਨੇ ਅਪੀਲ ਕੀਤੀ ਕਿ ਦਰਿਆ ਵਿੱਚ ਕਿਸੇ ਨੂੰ ਵੀ ਨਹੀਂ ਨਹਾਉਣਾ ਚਾਹੀਦਾ, ਤਾਂ ਜੋ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜੋ ਇਸ ਵੇਲੇ ਉਨ੍ਹਾਂ ਨਾਲ ਵਪਾਰੀ ਹੈ।
ਇਸ ਦੇ ਨਾਲ ਹੀ ਇਸ ਮੌਕੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਹਿਲਾ ਤੋਂ ਹੀ ਸਖ਼ਤੀ ਨਾਲ ਹੁਕਮ ਜਾਰੀ ਕੀਤਾ ਗਿਆ ਹੈ ਕਿ ਦਰਿਆ ਵਿੱਚ ਅਤੇ ਨਹਿਰ ਵਿੱਚ ਨਹਾਉਣ ’ਤੇ ਉਨ੍ਹਾਂ ਵਲੋਂ ਪਾਬੰਦੀ ਲਗਾਈ ਗਈ ਹੈ, ਫਿਰ ਵੀ ਲੋਕ ਆਪਣੀ ਜਾਨ ਨਾਲ ਖੇਡਣ ਤੋਂ ਬਾਜ ਨਹੀਂ ਆ ਰਹੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦਰਿਆ ਜਾਂ ਨਹਿਰ ਵਿੱਚ ਨਹਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਐੱਨਡੀਆਰਐੱਫ ਟੀਮਾਂ ਵੱਲੋਂ ਲਾਪਤਾ ਦੋਵੇਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।