ਜਾਡਲਾ —ਸ਼ਹਿਰ ਵਿਖੇ ਜਾਡਲਾ ਦੇ ਪਿੰਡ ਚਰਾਣ ਵਿਖੇ ਬੀਤੀ ਰਾਤ ਲੁੱਟ ਦੀ ਨੀਅਤ ਨਾਲ ਆਏ ਨਸ਼ੇੜੀ ਪਿੰਡ ਦੇ ਹੀ ਵਿਅਕਤੀ ਵੱਲੋਂ ਔਰਤ ਦਾ ਕਤਲ ਕਰ ਦਿੱਤਾ ਗਿਆ। ਜਾਡਲਾ ਚੌਂਕੀ ਇੰਚਾਰਜ ਏ. ਐੱਸ. ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਆਸ਼ਾ ਰਾਣੀ (55) ਪਤਨੀ ਮਨਜੀਤ ਸਿੰਘ ਵਾਸੀ ਚਰਾਣ ਦਾ ਕਤਲ ਪਿੰਡ ਦੇ ਹੀ ਵਿਅਕਤੀ ਮੱਖਣ ਰਾਮ ਪੁੱਤਰ ਪਿਆਰੇ ਲਾਲ ਵੱਲੋਂ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਗਿਆ ਹੈ।
ਆਸ਼ਾ ਰਾਣੀ ਦਾ ਪਤੀ ਮਾਨਸਿਕ ਪੱਖੋਂ ਠੀਕ ਨਹੀਂ ਹੈ, ਉਹ ਕਦੀ ਘਰ ਆਉਂਦਾ ਅਤੇ ਕਦੀ ਬਾਹਰ ਹੀ ਰਹਿੰਦਾ ਹੈ। ਮ੍ਰਿਤਕ ਦੀ ਭਤੀਜੀ ਬਲਜੀਤ ਕੌਰ ਨੇ ਪੁਲਸ ਨੂੰ ਆਪਣੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 10 ਵਜੇ ਪਿੰਡ ਦਾ ਹੀ ਇਕ ਨਸ਼ੇੜੀ ਵਿਅਕਤੀ ਮੇਰੀ ਚਾਚੀ ਆਸ਼ਾ ਰਾਣੀ ਦੇ ਘਰ ਚੋਰੀ ਕਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰ ਲੈ ਕੇ ਦਾਖ਼ਲ ਹੋਇਆ। ਮੇਰੀ ਚਾਚੀ ਆਸ਼ਾ ਰਾਣੀ ਉਸ ਸਮੇਂ ਘਰ ਵਿਚ ਇਕੱਲੀ ਸੁੱਤੀ ਪਈ ਸੀ ਜਦੋਂ ਉਹ ਚਾਚੀ ਦੀਆਂ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਨੂੰ ਝਪਟ ਮਾਰਨ ਲੱਗਾ ਤਾਂ ਚਾਚੀ ਵੱਲੋਂ ਰੌਲਾ ਪਾ ਦਿੱਤਾ ਗਿਆ।
ਨਸ਼ੇੜੀ ਵਿਅਕਤੀ ਵੱਲੋਂ ਤੁਰੰਤ ਚਾਚੀ ਦਾ ਉਸ ਦੀ ਚੁੰਨੀ ਨਾਲ ਗਲਾ ਘੁੱਟ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਮੋਟਰਸਾਈਕਲ ’ਤੇ ਫਰਾਰ ਹੋ ਗਿਆ। ਮ੍ਰਿਤਕ ਆਸ਼ਾ ਰਾਣੀ ਦੇ ਤਿੰਨ ਬੱਚੇ ਹਨ। ਲੜਕੀਆਂ ਵਿਆਹੀਆਂ ਹੋਈਆਂ ਹਨ ਅਤੇ ਬੇਟਾ ਆਰਮੀ ’ਚ ਆਪਣੀਆਂ ਸੇਵਾਵਾਂ ਸਿੱਕਮ ਦੇ ਬਾਰਡਰ ’ਤੇ ਨਿਭਾ ਰਿਹਾ ਹੈ।