ਚੰਡੀਗੜ੍ਹ- ਸੰਜੀਵ ਅਰੋੜਾ ਨੇ ਵਿਧਾਨ ਸਭਾ ਦੇ ਮੈਂਬਰ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਵਜੋਂ ਨਿਯੁਕਤੀ ’ਤੇ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਤੇ 8 ਹੋਰ ਸਮੂਹ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਰੋੜਾ ਨੇ ਐਤਵਾਰ ਨੂੰ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਇਕ ਅਸਤੀਫ਼ਾ ਪੱਤਰ ਰਾਹੀਂ ਇਸ ਬਾਰੇ ਸੂਚਿਤ ਕੀਤਾ, ਜਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ 3 ਅਗਸਤ 2025 ਤੋਂ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ 23 ਜੂਨ 2025 ਨੂੰ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਵਿਧਾਨ ਸਭਾ ਦੇ ਮੈਂਬਰ ਵਜੋਂ ਉਨ੍ਹਾਂ ਦੀ ਹਾਲ ਹੀ ’ਚ ਹੋਈ ਚੋਣ ਦੇ ਨਤੀਜੇ ਵਜੋਂ, ਉਨ੍ਹਾਂ ਨੂੰ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਵਜੋਂ ਸੇਵਾ ਕਰਨ ਦੀ ਵਿਸ਼ੇਸ਼ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ, ਜਿਸ ਨੂੰ ਪੰਜਾਬ ਦੇ ਰਾਜਪਾਲ ਵਲੋਂ 3 ਜੁਲਾਈ, 2025 ਤੋਂ ਨਿਯੁਕਤ ਕੀਤਾ ਗਿਆ ਸੀ। ਇਸ ਉੱਚ ਜਨਤਕ ਅਹੁਦੇ ਨੂੰ ਸੰਭਾਲਣ ਲਈ ਉਨ੍ਹਾਂ ਦੇ ਪੂਰੇ ਧਿਆਨ ਅਤੇ ਪੰਜਾਬ ਅਤੇ ਇਸ ਦੇ ਲੋਕਾਂ ਦੀ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਦੀ ਲੋੜ ਹੈ। ਸਰਬੋਤਮ ਜਨਤਕ ਹਿੱਤ ਤੇ ਸੰਵਿਧਾਨਕ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਨਾ ਸਿਰਫ਼ ਇਹ ਮੇਰਾ ਫਰਜ਼ ਹੈ, ਸਗੋਂ ਕੰਪਨੀ ’ਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ’ਤੇ ਬਣੇ ਰਹਿਣਾ ਉਨ੍ਹਾਂ ਲਈ ਸਪੱਸ਼ਟ ਤੌਰ ’ਤੇ ਅਸਵੀਕਾਰਨਯੋਗ ਵੀ ਹੈ।