ਗੁਰਦਾਸਪੁਰ- ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ’ਚ ਰਾਤ ਦੇ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਵਿਅਕਤੀ ਵੱਲੋਂ ਅਕਾਲੀ ਦਲ ਦੇ ਵਰਕਰ ਦੇ ਘਰ ’ਤੇ ਸ਼ਰੇਆਮ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ, ਪਰ ਇਹ ਫਾਇਰਿੰਗ ਇਕ ਰੰਗਦਾਰੀ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਅਕਾਲੀ ਵਰਕਰ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਪਰ ਰਕਮ ਨਾ ਦੇਣ ਦੇ ਚਲਦੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮ ਦੀਆਂ ਤਸਵੀਰਾਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ। ਸੀਸੀਟੀਵੀ ‘ਚ ਸਾਫ਼ ਤੌਰ ’ਤੇ ਗੋਲੀਆਂ ਚਲਾਉਂਦਾ ਹੋਇਆ ਵਿਅਕਤੀ ਦਿਖਾਈ ਦਿੱਤਾ, ਜਿਸ ਵੱਲੋਂ ਘਰ ’ਤੇ ਲਗਾਤਾਰ 8 ਰਾਊਂਡ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਪੁਲਸ ਮੌਕੇ ‘ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮੁਲਜ਼ਮ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।