ਧਨੌਲਾ : ਜ਼ਿਲੇ ਦੇ ਪਿੰਡ ਕਾਲੇਕੇ ਅੰਦਰ ਜ਼ਮੀਨੀ ਵਿਵਾਦ ਕਾਰਨ ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਤ ਦੀ ਘਾਟ ਉਤਾਰਿਆ ਗਿਆ ਵਿਅਕਤੀ ਪੰਜਾਬ ਪੁਲਸ ਵਿਚ ਬਤੌਰ ਥਾਣੇਦਾਰ ਲੱਗਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਕਾਲੇਕੇ ਵਿਚ ਜ਼ਮੀਨੀ ਵਿਵਾਦ ਕਾਰਨ ਦੋ ਭਰਾਵਾ ਵਿਚ ਖਿੱਚੋਤਾਣ ਚੱਲ ਰਹੀ ਸੀ। ਇਸ ਦੌਰਾਨ ਥਾਣੇਦਾਰ ਜੋਗਿੰਦਰ ਸਿੰਘ (54) ਪੁੱਤਰ ਭਰਪੂਰ ਸਿੰਘ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੇਰ ਸ਼ਾਮ ਨੂੰ ਜਾ ਰਿਹਾ ਸੀ।
ਡੀਐੱਸਪੀ ਸਤਵੀਰ ਸਿੰਘ ਬੈਂਸ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਰਸਤੇ ਵਿਚ ਛੋਟੇ ਭਰਾ ਸੁਖਦੇਵ ਸਿੰਘ ਨੇ ਆਪਣੇ ਪੁੱਤਰ ਸਣੇ ਟਰੈਕਟਰ ਨਾਲ ਜੋਗਿੰਦਰ ਸਿੰਘ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉੱਪਰੋਂ ਟਰੈਕਟਰ ਚੜ੍ਹਾ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਕਤਲ ਮਾਮਲੇ ਵਿਚ ਮ੍ਰਿਤਕ ਜੋਗਿੰਦਰ ਸਿੰਘ ਦੀ ਪਤਨੀ ਬੀਰਪਾਲ ਕੌਰ ਦੇ ਬਿਆਨਾਂ ‘ਤੇ ਪਰਚਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਦੋਕਿ ਮ੍ਰਿਤਕ ਜੋਗਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।