ਸ੍ਰੀ ਅਨੰਦਪੁਰ ਸਾਹਿਬ – ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਦੀ ਇਕਤਰਤਾ ਵਿਚ ਹਰਜੋਤ ਬੈਂਸ ਨੂੰ ਬੀਤੇ ਦਿਨੀਂ ਧਾਰਮਿਕ ਸਜ਼ਾ ਲਗਾਈ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਹਰਜੋਤ ਬੈਂਸ ਨੂੰ ਧਾਰਮਿਕ ਸਜ਼ਾ ਵਿੱਚ ਗੁਰੂਘਰਾਂ ਦੇ ਜਾਂਦੇ ਰਸਤੇ ਸਾਫ਼ ਅਤੇ ਗੁਰੂ ਘਰ ਦੇ ਜੋੜੇ ਘਰ ਵਿੱਚ ਸੇਵਾ ਤੇ ਕੀਰਤਨ ਸਮੇਤ ਪਾਠ ਸਰਵਣ ਦੀ ਸੇਵਾ ਲਗਾਈ ਗਈ ਸੀ।
ਧਾਰਮਿਕ ਸੇਵਾ ਦੌਰਾਨ ਹਰਜੋਤ ਬੈਂਸ ਦਿੱਲੀ ਦੇ ਸੀਸਗੰਜ ਸਾਹਿਬ ਵਿਚ ਸੇਵਾ ਕਰਨ ਮਗਰੋਂ ਸ੍ਰੀ ਅਨੰਦਪੁਰ ਸਾਹਿਬ ਦੇ ਸੀਸਗੰਜ ਵਿਚ ਸੇਵਾ ਨਿਭਾਉਣ ਪਹੁੰਚੇ। ਇਥੇ ਦੱਸ ਦੇਈਏ ਕਿ ਹਰਜੋਤ ਬੈਂਸ ਦੋ ਦਿਨ ਦੀ ਸੇਵਾ ਵਿੱਚੋਂ ਇਕ ਦਿਨ ਸੇਵਾ ਪਰਸੋ ਕਰ ਗਏ ਸਨ ਅਤੇ ਮੁੱਢ ਉਹ ਅੱਜ ਵਰ੍ਹਦੇ ਮੀਂਹ ਵਿੱਚ ਸੇਵਾ ਕਰਨ ਲਈ ਦੂਜੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋੜਾ ਘਰ ਵਿੱਚ ਪਹੁੰਚੇ। ਸੇਵਾ ਕਰਨ ਤੋਂ ਪਹਿਲਾਂ ਹਰਜੋਤ ਬੈਂਸ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ, ਉੱਥੇ ਹੀ ਆਪਣੀ ਭੁੱਲ ਬਖ਼ਸ਼ਾਉਣ ਲਈ ਗੁਰੂ ਸਾਹਿਬ ਤੋਂ ਮੁਆਫ਼ੀ ਮੰਗੀ ਅਤੇ ਜੋੜਾ ਘਰ ਵਿੱਚ ਸੇਵਾ ਸ਼ੁਰੂ ਕਰ ਦਿੱਤੀ।