ਫਿਰੋਜ਼ਪੁਰ : ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋਣ ਕਾਰਨ ਇਕ ਕਿਸ਼ਤੀ ’ਚ ਸਵਾਰ ਕਰੀਬ 50 ਕਿਸਾਨ ਵਾਲ-ਵਾਲ ਬਚ ਗਏ। ਜੇਕਰ ਉਨ੍ਹਾਂ ਨੂੰ ਬਚਾਇਆ ਨਾ ਜਾਂਦਾ ਤਾਂ ਉਹ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਕੇ ਪਾਕਿਸਤਾਨ ਵੱਲ ਚਲੇ ਜਾਂਦੇ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਮਮਦੋਟ ਕਸਬੇ ਦੇ ਪਿੰਡ ਗਜ਼ਨੀ ਵਾਲਾ ਦੇ ਕਿਸਾਨਾਂ ਦੀ ਜ਼ਮੀਨ ਸਤਲੁਜ ਦਰਿਆ ਨਾਲ ਲੱਗਦੀ ਹੈ, ਜਿੱਥੇ ਉਹ ਕਿਸ਼ਤੀ ’ਚ ਆਪਣੀਆਂ ਜ਼ਮੀਨਾਂ ਵਾਹੁਣ ਜਾਂਦੇ ਹਨ ਅਤੇ ਸ਼ਾਮ ਨੂੰ ਵਾਪਸ ਆਉਂਦੇ ਹਨ।
ਖੇਤਾਂ ’ਚ ਜਾਂਦੇ ਸਮੇਂ ਇਹ ਕਿਸਾਨ ਦੋਵੇਂ ਪਾਸੇ ਇਕ ਰੱਸੀ ਫੜ੍ਹ ਕੇ ਸੁਰੱਖਿਅਤ ਆਪਣੀਆਂ ਜ਼ਮੀਨਾਂ ਤੱਕ ਪਹੁੰਚਦੇ ਹਨ। ਇਸ ਤੋਂ ਕੁੱਝ ਹੀ ਦੂਰੀ ’ਤੇ ਦਰਿਆ ਦਾ ਇਕ ਹਿੱਸਾ ਪਾਕਿਸਤਾਨ ਵੱਲ ਜਾਂਦਾ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਜਦੋਂ ਇਹ ਕਿਸਾਨ ਇਕ ਵੱਡੇ ਬੇੜੇ ’ਚ ਵਾਪਸ ਆ ਰਹੇ ਸਨ ਤਾਂ ਦਰਿਆ ’ਚ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋਣ ਕਾਰਨ ਉਨ੍ਹਾਂ ਦੀ ਰੱਸੀ ਤੋਂ ਪਕੜ ਖੁੱਸ ਗਈ ਅਤੇ ਉਹ ਡੁੱਬਣ ਲੱਗੇ।