ਏਲਾਂਟੇ ਮਾਲ, ਚੰਡੀਗੜ੍ਹ ਤੋਂ ਉਸ ਸਮੇਂ ਵੱਡੀ ਮੰਦਭਾਗੀ ਖ਼ਬਰ ਮਿਲੀ ਜਦੋਂ ਇੱਕ ਹਾਦਸੇ ਦੌਰਾਨ ਟੁਆਏ ਟਰੇਨ ਪਲਟ ਗਈ ਤੇ ਇੱਕ 11 ਸਾਲਾਂ ਬੱਚੇ ਨੂੰ ਜਾਨ ਤੋਂ ਹੱਥ ਧੋਣਾ ਪਿਆ। ਮ੍ਰਿਤਕ ਦੀ ਪਹਿਚਾਣ ਸ਼ਾਹਬਾਜ ਵੱਜੋਂ ਹੋਈ ਹੈ ਜੋ ਕਿ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ।
ਦੱਸਿਆ ਜਾ ਰਿਹਾ ਹੈ ਕਿ ਜਤਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਆਪਣੇ ਦੋ ਬੱਚਿਆਂ, ਪਤਨੀ ਤੇ ਕਜ਼ਨ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ’ਚ ਘੁੰਮਣ ਲਈ ਆਏ ਸੀ ਅਤੇ ਬੀਤੀ ਰਾਤ ਦੋਵੇਂ ਏਲਾਂਟੇ ਮਾਲ ਪਹੁੰਚੇ ਸੀ। ਏਲਾਂਟੇ ਮਾਲ ’ਚ ਦੋਵਾਂ ਨੇ ਕੁਝ ਖਰੀਦਦਾਰੀ ਕੀਤੀ। ਇਸ ਦੌਰਾਨ ਸ਼ਾਹਬਾਜ਼ ਤੇ ਨਵਦੀਪ ਦੇ ਪੁੱਤਰ ਨੇ ਟੁਆਏ ਟ੍ਰੇਨ ਵਿਚ ਝੂਟਾ ਲੈਣ ਦੀ ਜਿੱਦ ਕੀਤੀ ਤਾਂ ਜਤਿੰਦਰਪਾਲ ਨੇ ਦੋਵਾਂ ਬੱਚਿਆਂ ਲਈ ਟਿਕਟ ਲੈ ਕੇ ਟ੍ਰੇਨ ਦੇ ਆਖਰੀ ਡੱਬੇ ਵਿਚ ਬਿਠਾ ਦਿੱਤਾ।
ਟੁਆਏ ਟ੍ਰੇਨ ਝੂਟਾ ਲੈਂਦੇ ਸਮੇਂ ਅਚਾਨਕ ਹੀ ਟੁਆਏ ਟ੍ਰੇਨ ਦਾ ਸੰਤੁਲਨ ਵਿਗੜ ਗਿਆ ਤੇ ਪਿਛਲਾ ਡੱਬਾ ਪਲਟ ਗਿਆ। ਜਿਸ ਕਾਰਨ 11 ਸਾਲਾਂ ਸ਼ਾਹਬਾਜ ਦਾ ਸਿਰ ਡੱਬੇ ਦੀ ਖਿੜਕੀ ਤੋਂ ਬਾਹਰ ਆ ਕੇ ਹੇਠਾਂ ਫਰਸ਼ ਨਾਲ ਜਾ ਟਕਰਾਇਆ ਤੇ ਸਿਰ ’ਚੋਂ ਖੂਨ ਵਹਿਣਾ ਸ਼ੁਰੂ ਹੋ ਗਿਆ। ਇਸ ਦੌਰਾਨ ਉਸ ਨੂੰ ਤੁਰੰਤ ਹੀ ਹਸਪਤਾਲ ֈਚ ਭਰਤੀ ਕਰਾਇਆ ਗਿਆ, ਜਿਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ।
ਫਿਲਹਾਲ ਪੁਲਿਸ ਨੇ ਪੋਸਟਮਾਰਟਮ ਦੇ ਬਾਅਦ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਟੁਆਏ ਟ੍ਰੇਨ ਚਲਾਉਣ ਵਾਲੇ ਸੌਰਭ ਅਤੇ ਕੰਪਨੀ ਦੇ ਮਾਲਕਾਂ ਵਿਰੁੱਧ ਲਾਪ੍ਰਵਾਹੀ ਦਾ ਮਾਮਲਾ ਵੀ ਦਰਜ਼ ਕਰਵਾ ਦਿੱਤਾ ਹੈ। ਹੁਣ ਪੁਲਿਸ ਅਧਿਕਾਰੀ ਇਸ ਮਾਮਲੇ ’ਚ ਅਗਲੀ ਕਾਨੂੰਨੀ ਕਾਰਵਾਈ ਕਰ ਰਹੇ ਹਨ।